ਚੰਡੀਗੜ੍ਹ, 22 ਸਤੰਬਰ 2022 – ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਰੱਦ ਹੋਣ ਤੋਂ ਨਾਰਾਜ਼ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਵਲੋਂ ਵਿਧਾਨ ਸਭਾ ਕੰਪਲੈਕਸ ਤੋਂ ਚੰਡੀਗੜ੍ਹ ਦੇ ਮੁੱਖ ਚੌਕ ਤੱਕ ਪੈਦਲ ਮਾਰਚ ਕੱਢਿਆ। ਆਮ ਆਦਮੀ ਪਾਰਟੀ ਦੇ ਵਿਧਾਇਕ ਹੱਥਾਂ ‘ਚ ਤਖ਼ਤੀਆਂ ਲੈ ਕੇ ਰਾਜ ਭਵਨ ਵੱਲ ਨਿਕਲੇ ਤਾਂ ਵਿਧਾਨ ਸਭਾ ਦੇ ਚੌਕ ਦੇ ਕੋਲ ਚੰਡੀਗੜ੍ਹ ਪੁਲਿਸ ਵਲੋਂ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕਣ ਦਾ ਪ੍ਰਬੰਧ ਕੀਤਾ ਗਿਆ ਸੀ। ਚੰਡੀਗੜ੍ਹ ਪੁਲਿਸ ਵਲੋਂ ਬੈਰੀਕੇਡ ਲਗਾ ਕੇ ਵਿਧਾਇਕਾਂ ਨੂੰ ਵਿਧਾਨ ਸਭਾ ਦੇ ਕੋਲ ਹੀ ਰੋਕ ਲਿਆ ਗਿਆ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਹੱਥਾਂ ‘ਚ ‘ਪੈਸਾ ਤੰਤਰ ਮੁਰਦਾਬਾਦ’, ‘ਲੋਕਤੰਤਰ ਦੀ ਹੱਤਿਆ ਬੰਦ ਕਰੋ’, ‘ਆਪ੍ਰੇਸ਼ਨ ਲੋਟਸ ਮੁਰਦਾਬਾਦ’ ਦੀਆਂ ਤਖ਼ਤੀਆਂ ਫੜ੍ਹੀਆਂ ਹੋਈਆਂ ਸਨ।
ਇਸ ਦੌਰਾਨ ਉਹ ਭਾਜਪਾ ਮੁਰਦਾਬਾਦ, ਕਾਂਗਰਸ ਮੁਰਦਾਬਾਦ, ਪੈਸਾ ਤੰਤਰ, ਸ਼ੂਦ-ਸੈਂਡ ਕਰੋ ਦੇ ਨਾਅਰੇ ਲਗਾਉਂਦੇ ਰਹੇ। ਵਿਧਾਇਕ ਮੀਤ ਹੇਅਰ ਸਮੇਤ ‘ਆਪ’ ਦੇ ਹੋਰ ਸਮਰਥਕਾਂ ਨੇ ਭਾਜਪਾ ‘ਤੇ ਲੋਕਤੰਤਰ ਦਾ ਕਤਲ ਕਰਨ ਦਾ ਦੋਸ਼ ਲਾਇਆ। ਉਧਰ ਚੰਡੀਗੜ੍ਹ ਪੁਲੀਸ ਵੱਲੋਂ ਵਿਧਾਨ ਸਭਾ ਦੇ ਮੁੱਖ ਚੌਕ ’ਤੇ ਬੈਰੀਕੇਡ ਲਾ ਕੇ ਪ੍ਰਦਰਸ਼ਨਕਾਰੀਆਂ ਨੂੰ ਉਥੇ ਹੀ ਰੋਕ ਲਿਆ ਗਿਆ।
ਕਿਸੇ ਨੂੰ ਵੀ ਚੌਕ ਤੱਕ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਚੌਕ ਦੇ ਅੱਗੇ ਕਰੀਬ 10 ਮੀਟਰ ਪਹਿਲਾਂ ਬੈਰੀਕੇਡਿੰਗ ਕੀਤੀ ਗਈ ਹੈ, ਤਾਂ ਜੋ ਸ਼ਹਿਰ ਦੀ ਆਵਾਜਾਈ ਵੀ ਸੁਚਾਰੂ ਢੰਗ ਨਾਲ ਚੱਲ ਸਕੇ। ਇਸ ਸਮੇਂ ‘ਆਪ’ ਵੱਲੋਂ ਵਿਸ਼ੇਸ਼ ਇਜਲਾਸ ਰੱਦ ਕਰਨ ਵਿਰੁੱਧ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਪ੍ਰਦਰਸ਼ਨਕਾਰੀ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਟਕਰਾਅ ਦੀ ਸੰਭਾਵਨਾ ਹੈ।
ਪੰਜਾਬ ਦੇ ਰਾਜਪਾਲ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਮਨਜ਼ੂਰੀ ਵਾਪਸ ਲੈਣ ਤੋਂ ਨਾਰਾਜ਼ ਆਮ ਆਦਮੀ ਪਾਰਟੀ ਅੱਜ ਵਿਧਾਨ ਸਭਾ ਵਿੱਚ ਇੱਕਜੁੱਟ ਹੋ ਗਈ। ਆਪ ਦੇ ਸਾਰੇ ਮੰਤਰੀ ਅਤੇ ਵਿਧਾਇਕ ਵਿਧਾਨ ਸਭਾ ਪਹੁੰਚੇ। ‘ਆਪ’ ਦੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੇ ਵਿਧਾਨ ਸਭਾ ‘ਚ ਇਕੱਠੇ ਹੋ ਕੇ ਆਉਣ ਵਾਲੀ ਰਣਨੀਤੀ ‘ਤੇ ਚਰਚਾ ਕੀਤੀ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਰਾਜਪਾਲ ਨੇ ਇਹ ਫੈਸਲਾ ਸਿਰਫ 3 ਵਿਧਾਇਕਾਂ ਦੇ ਕਹਿਣ ‘ਤੇ ਲਿਆ ਹੈ, ਜਦਕਿ ਪੂਰੀ ਕੈਬਨਿਟ ਵੱਲੋਂ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ। ਮੈਨੂਅਲ ਦੀ ਕਿਹੜੀ ਧਾਰਾ ਵਿੱਚ ਸਰਕਾਰ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ ਹੈ ? ਭਗਵੰਤ ਮਾਨ ਨੇ ਏਜੀ ਦਫਤਰ ਤੋਂ ਕਾਨੂੰਨੀ ਰਾਏ ਲਈ ਹੈ ਅਤੇ ਹੁਣ ਸਰਕਾਰ ਜਲਦ ਹੀ ਕੋਈ ਕਾਰਵਾਈ ਕਰੇਗੀ।