ਫਰੀਦਕੋਟ, 12 ਜੂਨ 2022 – ਪੰਜਾਬ ਵਿੱਚ ਸ਼ਰਾਬ ਨੂੰ ਲੈ ਕੇ ਫਰੀਦਕੋਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਗੁਰਦਿੱਤ ਸ਼ੇਖੋ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਵਿਧਾਇਕ ਸ਼ੇਖੋ ਕਹਿ ਰਹੇ ਹਨ ਕਿ ਜੇਕਰ ਕੋਈ ਸ਼ਰਾਬ ਪੀਂਦਾ ਹੈ ਤਾਂ ਚੰਗੀ ਸ਼ਰਾਬ ਮੁਹੱਈਆ ਕਰਵਾਉਣਾ ਸਰਕਾਰ ਦਾ ਫਰਜ਼ ਹੈ। ਜਿਸ ਤੋਂ ਬਾਅਦ ਵਿਰੋਧੀ ਲਗਾਤਰ ਐਮ ਐਲ ਏ ‘ਤੇ ਵਿਅੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹੀ ਆਮ ਆਦਮੀ ਪਾਰਟੀ ਦੀ ਬਦਲਾਅ ਹੈ। ਉਹ ਪੰਜਾਬੀਆਂ ਨੂੰ ਚੰਗੀ ਸ਼ਰਾਬ ਦੇ ਨਸ਼ੇ ‘ਚ ਪਾ ਰਹੀ ਹੈ। ਅਸਲ ‘ਚ ਪੰਜਾਬ ਸਰਕਾਰ ਨਵੀਂ ਸ਼ਰਾਬ ਨੀਤੀ ਲਿਆ ਰਹੀ ਹੈ। ਜੋ ਕਿ 1 ਜੁਲਾਈ ਤੋਂ ਲਾਗੂ ਹੋ ਜਾਵੇਗੀ।
ਵਾਇਰਲ ਹੋਈ ਵੀਡੀਓ ਵਿੱਚ ਵਿਧਾਇਕ ਗੁਰਦਿੱਤ ਸ਼ੇਖ ਕਹਿ ਰਹੇ ਹਨ ਕਿ ਸਰਕਾਰ ਨੇ ਤੁਹਾਡੇ ਲਈ ਸ਼ਰਾਬ ਸਸਤੀ ਕਰ ਦਿੱਤੀ ਹੈ। ਸਰਕਾਰ ਦੀ ਯੋਜਨਾ ਹੈ ਕਿ ਲੋਕਾਂ ਨੂੰ ਚੰਗੀ ਸ਼ਰਾਬ ਮਿਲੇ। ਜੇਕਰ ਕੋਈ ਵਿਅਕਤੀ ਸ਼ਰਾਬ ਪੀਂਦਾ ਹੈ ਤਾਂ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਸ ਨੂੰ ਚੰਗੀ ਸ਼ਰਾਬ ਮਿਲਣੀ ਚਾਹੀਦੀ ਹੈ। ਹੁਣ ਚੰਗੀ ਅਤੇ ਸਸਤੀ ਸ਼ਰਾਬ ਮਿਲੇਗੀ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ‘ਆਪ’ ਸਰਕਾਰ ਨੇ ਹਾਲ ਹੀ ਵਿੱਚ ਨਵੀਂ ਆਬਕਾਰੀ ਨੀਤੀ ਨੂੰ ਕੈਬਨਿਟ ਦੀ ਮਨਜ਼ੂਰੀ ਦੇ ਦਿੱਤੀ ਹੈ। ਜਿਸ ਤੋਂ ਬਾਅਦ ਪੰਜਾਬ ‘ਚ ਸ਼ਰਾਬ 60 ਫੀਸਦੀ ਤੱਕ ਸਸਤੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਹਰਿਆਣਾ ਦੇ ਮੁਕਾਬਲੇ ਇਹ ਦਰਾਂ 10 ਤੋਂ 15 ਫੀਸਦੀ ਤੱਕ ਘੱਟ ਜਾਣਗੀਆਂ। ਇਸ ਦੇ ਨਾਲ ਹੀ ਬੀਅਰ ਵੀ ਚੰਡੀਗੜ੍ਹ ਨਾਲੋਂ ਸਸਤੀ ਹੋ ਜਾਵੇਗੀ। ਚੰਡੀਗੜ੍ਹ ਵਿੱਚ ਬੀਅਰ 130 ਤੋਂ 150 ਰੁਪਏ ਵਿੱਚ ਮਿਲਦੀ ਹੈ ਜਦੋਂ ਕਿ ਪੰਜਾਬ ਵਿੱਚ ਇਹ 120 ਤੋਂ 130 ਰੁਪਏ ਵਿੱਚ ਮਿਲੇਗੀ। ਇਸ ਸਮੇਂ ਪੰਜਾਬ ਵਿੱਚ ਬੀਅਰ ਦਾ ਰੇਟ 180-200 ਰੁਪਏ ਪ੍ਰਤੀ ਬੋਤਲ ਹੈ।

