- ਭਗਵੰਤ ਮਾਨ ਨੇ ਰੋਡ ਸ਼ੋਅ ਲਈ ਸਰਕਾਰੀ ਮਸ਼ੀਨਰੀ ਦੀ ਕੀਤੀ ਦੁਰਵਰਤੋਂ, ਜਿੱਤ ਦੇ ਜਸ਼ਨ ‘ਤੇ ਜਨਤਾ ਦੇ ਟੈਕਸ ਦੇ ਖਰਚੇ ਕਰੋੜਾਂ ਰੁਪਏ: ਜੀਵਨ ਗੁਪਤਾ
ਜਲੰਧਰ 15 ਮਾਰਚ 2022 – ਪੰਜਾਬ ਵਿਚ ਵੱਡੇ ਬਦਲਾਅ ਦੀਆਂ ਵੱਡੀਆਂ-ਵੱਡੀਆਂ ਦੀ ਗੱਲਾਂ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਬਦਲਾਅ ਦੀ ਪਹਿਲੀ ਕੜੀ ‘ਤੋਂ ਹੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਅਤੇ ਪੰਜਾਬ ਦੇ ਸਰਕਾਰੀ ਖਜ਼ਾਨੇ ਦੀ ਖੁੱਲ ਕੇ ਬਰਬਾਦੀ ਸ਼ੁਰੂ ਕਰ ਦਿੱਤੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਭਵਿੱਖੀ ਮੁੱਖ ਮੰਤਰੀ ਭਗਵੰਤ ਮਾਨ ਦੀ ਕਹਿਣੀ ਅਤੇ ਕਰਨੀ ਵਿੱਚ ਫਰਕ ਪਹਿਲੇ ਦਿਨ ਤੋਂ ਹੀ ਨਜ਼ਰ ਆਉਣ ਲੱਗਾ ਹੈ। ਇਹ ਕਹਿਣਾ ਹੈ ਭਾਰਤੀ ਜਨਤਾ ਯੁਵਾ ਮੋਰਚਾ ਪੰਜਾਬ ਦੇ ਮਹਾਮੰਤਰੀ ਜੀਵਨ ਗੁਪਤਾ ਦਾ।
ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ‘ਚ ਅਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਬਾਕੀ ਹੈ। ਭਗਵੰਤ ਮਾਨ ਨੇ ਹਾਲੇ ਪੰਜਾਬ ਦੇ ਰਾਜਪਾਲ ਸਾਹਮਣੇ ਸਰਕਾਰ ਬਣਾਉਣ ਦਾ ਸਿਰਫ ਦਾਅਵਾ ਪੇਸ਼ ਕੀਤਾ ਹੈ। ਪਰ ਭਗਵੰਤ ਮਾਨ ਨੇ ਪਹਿਲੇ ਦਿਨ ‘ਤੋਂ ਹੀ ਸਰਕਾਰੀ ਤੰਤਰ ਦੀ ਜਮ ਕੇ ਦੁਰਵਰਤੋਂ ਸ਼ੁਰੂ ਕਰ ਦਿੱਤੀ ਹੈ। ਸਰਕਾਰੀ ਖਜ਼ਾਨੇ ਦੀ ਬਰਬਾਦੀ ਸ਼ੁਰੂ ਹੋ ਚੁੱਕੀ ਹੈ। ਅੰਮ੍ਰਿਤਸਰ ਵਿੱਚ ਭਗਵੰਤ ਮਾਨ ਵੱਲੋਂ ਕੱਢੇ ਗਏ ਰੋਡ ਸ਼ੋਅ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਲੋਕਾਂ ਨੂੰ ਇਕੱਠਾ ਕਰਨ ਲਈ ਪੰਜਾਬ ਰੋਡਵੇਜ਼ ਅਤੇ ਪਨਬੱਸ ਦੀਆਂ ਸੈਂਕੜੇ ਬੱਸਾਂ ਦੀ ਦੁਰਵਰਤੋਂ ਕਰਕੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦੀ ਲੁੱਟ ਕੀਤੀ ਗਈ।
ਦੱਸਣਯੋਗ ਹੈ ਕਿ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ ਵੱਲੋਂ ਲੋਕਾਂ ਨੂੰ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਕਾਰਨ ਪੰਜਾਬ ਰੋਡਵੇਜ਼ ਅਤੇ ਪਨਬੱਸ ਦਾ ਕਰਜ਼ੇ ਦੇ ਰੂਪ ਵਿੱਚ ਸਰਕਾਰ ਵੱਲ 65 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਹੈ। ਰੋਡਵੇਜ਼ ਮਹਿਕਮੇ ਨੂੰ ਆਪਣੀਆਂ ਬੱਸਾਂ ਲਈ ਡੀਜ਼ਲ ਭਰਵਾਉਣ ਦੇ ਵਾਂਦੇ ਪਏ ਹੋਏ ਹਨ। ਅਜਿਹੇ ਵਿੱਚ ਭਗਵੰਤ ਮਾਨ ਵੱਲੋਂ ਆਪਣੀ ਜਿੱਤ ਦਾ ਜਸ਼ਨ ਮਨਾਉਣ ਲਈ ਸਰਕਾਰੀ ਮਸ਼ੀਨਰੀ ਦੀ ਜਮ ਕੇ ਦੁਰਵਰਤੋਂ ਕਰਕੇ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਾਇਆ ਗਿਆ ਹੈ। ਆਮ ਆਦਮੀ ਪਾਰਟੀ ਦੇ ਰੋਡ-ਸ਼ੋਅ ਕਾਰਨ ਸਵੇਰ ਤੋਂ ਹੀ ਪੰਜਾਬ ਭਰ ‘ਚ ਲੋਕਾਂ ਨੂੰ ਭਾਰੀ ਦਿੱਕਤਾਂ ਅਤੇ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆI ਗੁਪਤਾ ਨੇ ਕਿਹਾ ਕਿ ਕੀ ਇਹੀ ਆਮ ਆਦਮੀ ਪਾਰਟੀ ਦਾ ਪੰਜਾਬ ਮਾਡਲ ਹੈ? ਕਿ ਪੰਜਾਬ ਵਿੱਚ ਇਹੋ ਜਿਹੀ ਤਬਦੀਲੀ ਲਿਆਂਦੀ ਜਾਏਗੀ?
ਜੀਵਨ ਗੁਪਤਾ ਨੇ ਕਿਹਾ ਕਿ ਪੰਜਾਬ ‘ਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜਿੱਤ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਖਜ਼ਾਨੇ ਦੀ ਬਰਬਾਦੀ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਭਗਵੰਤ ਮਾਨ ਵੱਲੋਂ ਕੱਢੇ ਗਏ ‘ਧੰਨਵਾਦ ਰੈਲੀ’ ਰੂਪੀ ਰੋਡ-ਸ਼ੋਅ ਨੂੰ ਸਫਲ ਬਣਾਉਣ ਲਈ ਜਿੱਥੇ ਸਰਕਾਰੀ ਤੰਤਰ ਦੀ ਭਾਰੀ ਦੁਰਵਰਤੋਂ ਕੀਤੀ ਗਈ, ਉੱਥੇ ਹੀ ਜਨਤਾ ਵੱਲੋਂ ਸਰਕਾਰ ਨੂੰ ਦਿੱਤੇ ਟੈਕਸਾਂ ਦੇ ਕਰੋੜਾਂ ਰੁਪਏ ਬਰਬਾਦ ਕੀਤੇ ਗਏ ਹਨ। ਗੁਪਤਾ ਨੇ ਸਵਾਲ ਕੀਤਾ ਕਿ ਇਸ ਦੀ ਭਰਪਾਈ ਕੌਣ ਕਰੇਗਾ? ਕਿ ਇਹ ਹੈ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਤਬਦੀਲੀ ਦੀ ਸ਼ੁਰੂਆਤ? ਇਸ ਦਾ ਜਵਾਬ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਲੋਕਾਂ ਸਾਹਮਣੇ ਦੇਣਾ ਪਵੇਗਾ।