ਕਪੂਰਥਲਾ, 25 ਦਸੰਬਰ 2022 – ਪੰਜਾਬ ਵਿਜੀਲੈਂਸ ਬਿਊਰੋ ਨੇ ਜਬਰੀ ਵਸੂਲੀ ਦੇ ਇੱਕ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਭੋਲੀ ਨਾਮਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਉਹ ਇਕ ਸਾਲ ਤੋਂ ਵੱਧ ਸਮੇਂ ਤੋਂ ਫਰਾਰ ਸੀ। ਉਕਤ ਔਰਤ ਆਪਣੇ ਸਾਥੀਆਂ ਸਮੇਤ ਜੋ ਪੁਲਿਸ ਮੁਲਾਜ਼ਮਾਂ ਦੀ ਵਰਦੀ ਪਾ ਪੁਲਿਸ ਕੇਸ ਦਰਜ ਕਰਵਾਉਣ ਦਾ ਡਰਾਵਾ ਦੇ ਕੇ ਆਮ ਲੋਕਾਂ ਤੋਂ ਪੈਸੇ ਲੁੱਟਣ ‘ਚ ਸ਼ਾਮਿਲ ਸੀ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਤੋਂ ਬਾਅਦ ਬਿਓਰੋ ਨੇ ਧਾਰਾ 388, 389, 411, 179, 171, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਅਧੀਨ ਮਾਮਲਾ ਦਰਜ ਕੀਤਾ ਹੈ।
ਗੁਰਦੀਪ ਸਿੰਘ ਦੀ ਸ਼ਿਕਾਇਤ ਸੀ ਕਿ ਜੋਤੀ ਵਾਸੀ ਸਿੱਧਵਾਂ ਦੋਨਾ ਜ਼ਿਲ੍ਹਾ ਕਪੂਰਥਲਾ ਅਤੇ ਉਸ ਦੇ ਸਾਥੀ ਗੁਰਪ੍ਰੀਤ ਸਿੰਘ ਵਾਸੀ ਹਾਥੀ ਖਾਨਾ ਜ਼ਿਲ੍ਹਾ ਕਪੂਰਥਲਾ ਨੇ ਉਸ ਦੀ ਇਤਰਾਜ਼ਯੋਗ ਵੀਡੀਓ ਬਣਾਈ। ਇਸ ਤੋਂ ਬਾਅਦ ਆਪਣੇ ਆਪ ਨੂੰ ਏ.ਐਸ.ਆਈ ਅਤੇ ਪੁਲਿਸ ਕਾਂਸਟੇਬਲ ਦੱਸ ਕੇ ਪੈਸੇ ਦੀ ਮੰਗ ਕਰਨ ਦੀ ਧਮਕੀ ਦਿੱਤੀ। ਮਹਿਲਾ ਸਾਥੀ ਭੋਲੀ ਅਤੇ ਉਸ ਦੇ ਨਾਲ ਆਏ ਵਿਅਕਤੀ ਨੇ ਉਸ ਦਾ ਆਧਾਰ ਕਾਰਡ ਅਤੇ ਕ੍ਰੈਡਿਟ ਕਾਰਡ ਵੀ ਖੋਹ ਲਿਆ। ਉਨ੍ਹਾਂ ਨੂੰ ਵਾਪਸ ਕਰਨ ਦੀ ਬਜਾਏ 4 ਲੱਖ ਰੁਪਏ ਦੀ ਮੰਗ ਕੀਤੀ ਗਈ। ਉਹ ਪਹਿਲਾਂ ਹੀ ਉਸ ਕੋਲੋਂ 5,000 ਰੁਪਏ ਨਕਦ ਅਤੇ 30,000 ਰੁਪਏ ਉਸਦੇ ਕ੍ਰੈਡਿਟ ਕਾਰਡ ਰਾਹੀਂ ਕਢਵਾ ਚੁੱਕੇ ਸਨ।
ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਸ਼ਿਕਾਇਤਕਰਤਾ ਤੋਂ 50,000 ਰੁਪਏ ਦੀ ਮੰਗ ਕੀਤੀ ਸੀ। ਉਸ ਸਮੇਂ ਵਿਜੀਲੈਂਸ ਬਿਊਰੋ ਨੇ ਉਕਤ ਦੋਵੇਂ ਵਿਅਕਤੀਆਂ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਸ਼ਾਮਲ ਔਰਤ ਇੱਕ ਸਾਲ ਤੋਂ ਵੱਧ ਸਮੇਂ ਤੋਂ ਆਪਣਾ ਠਿਕਾਣਾ ਬਦਲ ਕੇ ਆਪਣੀ ਗ੍ਰਿਫ਼ਤਾਰੀ ਤੋਂ ਬਚ ਰਹੀ ਸੀ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਿਸ ਦੀ ਵਰਦੀ ‘ਚ ਆਏ ਦੋਵੇਂ ਵਿਅਕਤੀ ਆਮ ਲੋਕਾਂ ਤੋਂ ਪੈਸੇ ਲੁੱਟਦੇ ਸਨ ਅਤੇ ਔਰਤ ਭੋਲੀ ਇਸ ‘ਚ ਉਨ੍ਹਾਂ ਦੀ ਮਦਦ ਕਰਦੀ ਸੀ।