ਅੰਮ੍ਰਿਤਸਰ, 1 ਅਪ੍ਰੈਲ 2023 – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਮਰੀਕਾ ਵਿੱਚ ਰਹਿ ਰਹੀ ਧੀ ਨੂੰ ਕਿਸ ਵੱਲੋਂ ਫੋਨ ਕਰਨ ਅਤੇ ਧਮਕੀਆਂ ਦੇਣ ਅਤੇ ਗਲਤ ਭਾਸ਼ਾ ਵਰਤਣ ‘ਤੇ ਸਖ਼ਤ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸਾਡਾ ਧਰਮ ਸਾਨੂੰ ਇਹ ਨਹੀਂ ਸਿਖਾਉਂਦਾ। ਮੁੱਖ ਮੰਤਰੀ ਦੇ ਬੱਚਿਆਂ ਦਾ ਕੀ ਕਸੂਰ ਹੈ। ਵੈਸੇ ਵੀ ਬੱਚਿਆਂ ਨਾਲ ਗੰਦੀ ਭਾਸ਼ਾ ਬੋਲਣਾ ਗਲਤ ਹੈ। ਇਸ ਨਾਲ ਸਿੱਖਾਂ ਦੇ ਅਕਸ ਨੂੰ ਢਾਹ ਲੱਗ ਰਹੀ ਹੈ।
ਜੱਥੇਦਾਰ ਹਰਪ੍ਰੀਤ ਸਿੰਘ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿੱਚ ਕਿਹਾ ਕਿ ਸੜਕ ‘ਤੇ ਜਾ ਰਹੀ ਲੜਕੀ ਨੂੰ ਗਲਤ ਕਹਿਣਾ ਸਾਡੇ ਧਰਮ ਵਿੱਚ ਬਿਲਕੁਲ ਵੀ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਕਹਿੰਦੇ ਹਾਂ ਮੌਜੂਦਾ ਹਾਲਤ ‘ਚ ਸਾਡੇ ਨੌਜਵਾਨ ਬੇਕਸੂਰ ਹਨ ਤਾਂ ਇਸ ਵਿੱਚ ਮੁੱਖ ਮੰਤਰੀ ਦੇ ਬੱਚਿਆਂ ਦਾ ਕੀ ਕਸੂਰ ਹੈ। ਉਹ ਵੀ ਬੇਕਸੂਰ ਹਨ।
ਜਥੇਦਾਰ ਨੇ ਅਮਰੀਕਾ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਮੁੱਖ ਮੰਤਰੀ ਦੀ ਧੀ ਨੂੰ ਫੋਨ ’ਤੇ ਭੱਦੀ ਭਾਸ਼ਾ ਵਰਤ ਕੇ ਦਿੱਤੀਆਂ ਧਮਕੀਆਂ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਬੱਚਿਆਂ ਨੂੰ ਨਿਸ਼ਾਨੇ ’ਤੇ ਲੈ ਕੇ ਧਮਕੀਆਂ ਦੇਣਾ ਪੂਰੀ ਤਰ੍ਹਾਂ ਮੂਰਖਤਾ ਹੈ। ਉਨ੍ਹਾਂ ਕਿਹਾ ਕਿ ਵਿਰੋਧ ਕਰਨਾ ਸਾਰਿਆਂ ਦਾ ਅਧਿਕਾਰ ਹੈ ਅਤੇ ਵਿਰੋਧ ਕਰਨ ਦੇ ਕਈ ਤਰੀਕੇ ਹਨ ਪਰ ਇਹ ਬਿਲਕੁਲ ਗਲਤ ਹੈ।
ਜਥੇਦਾਰ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਸਫਾਰਤਖਾਨਿਆਂ ਤੋਂ ਸਾਹਮਣੇ ਆਈਆਂ ਤਸਵੀਰਾਂ ਵੀ ਗਲਤ ਹਨ। ਇਹ ਸਾਰੀਆਂ ਕਾਰਵਾਈਆਂ ਸਾਡੇ ਅਕਸ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਹਨ। ਵਿਰੋਧੀਆਂ ਨੂੰ ਸਾਡਾ ਅਕਸ ਖਰਾਬ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਨਾਲ ਲੋਕਾਂ ਵਿੱਚ ਗਲਤ ਸੰਦੇਸ਼ ਜਾ ਰਿਹਾ ਹੈ ਅਤੇ ਸਾਨੂੰ ਇਸ ਤੋਂ ਬਚਣਾ ਚਾਹੀਦਾ ਹੈ।