- ਪੁਲਿਸ ਕਰ ਰਹੀ CCTV ਦੀ ਜਾਂਚ
ਲੁਧਿਆਣਾ, 29 ਜੁਲਾਈ 2023 – ਸਿਵਲ ਹਸਪਤਾਲ ਲੁਧਿਆਣਾ ਤੋਂ ਚੋਰਾਂ ਨੇ ਜੱਚਾ-ਬੱਚਾ ਬਿਲਡਿੰਗ ਵਿੱਚ ‘ਚ ਲੱਗੇ 8 ਏ.ਸੀ ਕੰਪ੍ਰੈਸ਼ਰ ਚੋਰੀ ਕਰ ਲਏ ਹਨ। ਜੱਚਾ-ਬੱਚਾ ਹਸਪਤਾਲ ਵਿੱਚ ਕਈ ਦਿਨਾਂ ਤੋਂ ਉਸਾਰੀ ਦਾ ਕੰਮ ਚੱਲ ਰਿਹਾ ਹੈ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਚੋਰੀ ਤੋਂ ਪਹਿਲਾਂ ਕਿਸੇ ਵਿਅਕਤੀ ਨੇ ਹਸਪਤਾਲ ਦੀ ਰੇਕੀ ਕੀਤੀ ਹੈ। ਉਸ ਤੋਂ ਬਾਅਦ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ।
ਸੂਤਰਾਂ ਅਨੁਸਾਰ ਕੁਝ ਦਿਨ ਪਹਿਲਾਂ ਹੋਈ ਚੋਰੀ ਤੋਂ ਬਾਅਦ ਸ਼ੁੱਕਰਵਾਰ ਨੂੰ ਜ਼ਿਲ੍ਹਾ ਪੁਲੀਸ ਜਾਗ ਪਈ ਹੈ। ਸ਼ੁੱਕਰਵਾਰ ਨੂੰ ਸੰਯੁਕਤ ਪੁਲਿਸ ਕਮਿਸ਼ਨਰ ਸੌਮਿਆ ਮਿਸ਼ਰਾ, ਏਡੀਸੀਪੀ ਰੁਪਿੰਦਰ ਕੌਰ ਸਰਾਂ ਅਤੇ ਪੁਲਿਸ ਫੋਰਸ ਮੌਕੇ ਦਾ ਜਾਇਜ਼ਾ ਲੈਣ ਹਸਪਤਾਲ ਪਹੁੰਚੀ।
ਪੁਲੀਸ ਅਧਿਕਾਰੀਆਂ ਨੇ ਚੋਰੀ ਬਾਰੇ ਕੋਈ ਜਾਣਕਾਰੀ ਨਾ ਦਿੰਦਿਆਂ ਇਸ ਨੂੰ ਰੁਟੀਨ ਚੈਕਿੰਗ ਕਰਾਰ ਦਿੱਤਾ। ਸਿਵਲ ਹਸਪਤਾਲ ਦੀ ਪੁਲੀਸ ਚੌਕੀ ਜੱਚਾ-ਬੱਚਾ ਹਸਪਤਾਲ ਤੋਂ 20 ਕਦਮ ਦੀ ਦੂਰੀ ’ਤੇ ਹੈ। ਅਜਿਹੇ ‘ਚ ਹਸਪਤਾਲ ਦੇ ਸੁਰੱਖਿਆ ਗਾਰਡ ਵੀ ਸ਼ੱਕ ਦੇ ਘੇਰੇ ‘ਚ ਆ ਗਏ ਹਨ।
ਸੀਨੀਅਰ ਪੁਲੀਸ ਅਧਿਕਾਰੀਆਂ ਨੇ ਜੱਚਾ-ਬੱਚਾ ਹਸਪਤਾਲ ਦੇ ਪੂਰੇ ਇਲਾਕੇ ਦੀ ਤਲਾਸ਼ੀ ਲਈ। ਪੁਲੀਸ ਮੁਲਾਜ਼ਮ ਵੀ ਉਸ ਥਾਂ ’ਤੇ ਪਹੁੰਚ ਗਏ ਜਿੱਥੋਂ ਸਾਮਾਨ ਚੋਰੀ ਹੋਇਆ ਸੀ। ਪੁਲੀਸ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਤਾਇਨਾਤ ਸੁਰੱਖਿਆ ਕਰਮਚਾਰੀ’ਤੇ ਗਾਜ ਡਿੱਗਣੀ ਤੈਅ ਹੈ।
ਪੁਲੀਸ ਹਸਪਤਾਲ ਦੇ ਬਾਹਰ ਮੁੱਖ ਸੜਕ ’ਤੇ ਲੱਗੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਨੂੰ ਕੁਝ ਸਕਰੈਪ ਡੀਲਰਾਂ ‘ਤੇ ਸ਼ੱਕ ਹੈ। ਹਸਪਤਾਲ ਦੇ ਬਾਕੀ ਸਮਾਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਡਿਵੀਜ਼ਨ ਨੰਬਰ 2 ਦੇ ਐਸਐਚਓ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਹਸਪਤਾਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਏਸੀ ਕੰਪ੍ਰੈਸ਼ਰ ਚੋਰੀ ਹੋਣ ਦੀ ਸ਼ਿਕਾਇਤ ਦਿੱਤੀ ਸੀ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।