ਲੁਧਿਆਣਾ, 16 ਸਤੰਬਰ 2025 – ਲੁਧਿਆਣਾ ਦੇ ਧਰਮਪੁਰਾ ਇਲਾਕੇ ਵਿਚ ਸਥਿਤ ਗੁਰਦੁਆਰਾ ਸਾਹਿਬ ਵਿਚ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇੱਥੇ ਨਿਸ਼ਾਨ ਸਾਹਿਬ ਦਾ ਚੋਲਾ ਬਦਲ ਰਹੇ ਸੇਵਾਦਾਰਾਂ ਨੂੰ ਬਿਜਲੀ ਦਾ ਝਟਕਾ ਲੱਗਿਆ ਹੈ। ਇਸ ਦੌਰਾਨ ਇਕ ਸੇਵਾਦਾਰ ਦਾ ਦੇਹਾਂਤ ਹੋ ਗਿਆ ਹੈ ਤੇ ਤਿੰਨ ਹੋਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ।
ਹਾਦਸੇ ਦੌਰਾਨ ਮਰਨ ਵਾਲੇ ਵਿਅਕਤੀ ਦਾ ਨਾਂ ਕਾਲੂ ਦੱਸਿਆ ਜਾ ਰਿਹਾ ਹੈ, ਜਦੋਂ ਕਿ ਗੰਭੀਰ ਜ਼ਖਮੀਆਂ ਦੇ ਨਾਂ ਰਾਮਦੀਨ, ਰਾਜੂ ਮਦਾਨ ਅਤੇ ਜਗਜੀਤ ਸਿੰਘ ਢੱਲ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਅੱਜ ਦੁਪਹਿਰ ਕਰੀਬ 12:30 ਵਜੇ ਸੇਵਾਦਾਰ ਗੁਰਦੁਆਰਾ ਸਾਹਿਬ ਵਿਚ ਨਿਸ਼ਾਨ ਸਾਹਿਬ ਦਾ ਚੋਲਾ ਬਦਲ ਰਹੇ ਸਨ, ਇਸ ਦੌਰਾਨ ਬਿਜਲੀ ਦੇ ਤੇਜ਼ ਝਟਕੇ ਕਾਰਨ ਚਾਰੇ ਸੇਵਾਦਾਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸੰਗਤ ਨੇ ਇਲਾਜ ਲਈ ਇਲਾਕੇ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ, ਪਰ ਇਸ ਦੌਰਾਨ ਕਾਲੂ ਨਾਂ ਦੇ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 3 ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਇਲਾਕੇ ਵਿਚ ਵਾਪਰੇ ਇਸ ਭਿਆਨਕ ਹਾਦਸੇ ਦੀ ਸੂਚਨਾ ਮਿਲਦੇ ਹੀ ਸਾਬਕਾ ਕਾਂਗਰਸੀ ਵਿਧਾਇਕ ਸੁਰਿੰਦਰ ਕੁਮਾਰ ਡਾਬਰ ਅਤੇ ਵਾਰਡ ਨੰਬਰ 82 ਦੇ ਕੌਂਸਲਰ ਅਰੁਣ ਸ਼ਰਮਾ ਹਸਪਤਾਲ ਪਹੁੰਚੇ ਅਤੇ ਮ੍ਰਿਤਕ ਕਾਲੂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਜ਼ਖਮੀਆਂ ਦੇ ਬਿਹਤਰ ਇਲਾਜ ਲਈ ਡਾਕਟਰਾਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਸਾਬਕਾ ਵਿਧਾਇਕ ਸੁਰਿੰਦਰ ਡਾਬਰ ਅਤੇ ਕੌਂਸਲਰ ਅਰੁਣ ਸ਼ਰਮਾ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿਚ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੇ ਹਨ ਅਤੇ ਉਨ੍ਹਾਂ ਦੇ ਉੱਚ ਪੱਧਰੀ ਇਲਾਜ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਦੂਜੇ ਪਾਸੇ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਸੀ.ਐੱਮ.ਸੀ. ਡਵੀਜ਼ਨ ਵਿਚ ਤਾਇਨਾਤ ਕਾਰਜਕਾਰੀ ਸੰਜੀਵ ਕੁਮਾਰ ਜੌਲੀ ਨੇ ਦਾਅਵਾ ਕੀਤਾ ਕਿ ਜਦੋਂ ਸੇਵਕ ਗੁਰਦੁਆਰਾ ਸਾਹਿਬ ਵਿਚ ਨਿਸ਼ਾਨ ਸਾਹਿਬ ਦਾ ਚੋਲਾ ਬਦਲ ਰਹੇ ਸਨ, ਤਾਂ ਇਸ ਦੌਰਾਨ ਇਕ ਸੇਵਾਦਾਰ ਉੱਪਰ ਚੜ੍ਹ ਗਿਆ ਅਤੇ ਨਿਸ਼ਾਨ ਸਾਹਿਬ ਦਾ ਚੋਲਾ ਬਦਲ ਰਿਹਾ ਸੀ ਜਦੋਂ ਕਿ ਤਿੰਨ ਹੋਰ ਸੇਵਾਦਾਰ ਨਿਸ਼ਾਨ ਸਾਹਿਬ ਨੂੰ ਫੜ ਕੇ ਹੇਠਾਂ ਖੜ੍ਹੇ ਸਨ। ਇਸ ਦੌਰਾਨ ਸੰਤੁਲਨ ਗੁਆਉਣ ਕਾਰਨ ਨਿਸ਼ਾਨ ਸਾਹਿਬ ਦਾ ਉੱਪਰਲਾ ਹਿੱਸਾ ਕਈ ਫੁੱਟ ਦੂਰ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ, ਜਿਸ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ।
