ਚੰਡੀਗੜ੍ਹ, 22 ਫਰਵਰੀ 2023 – ਸੈਕਟਰ-45 ਬੁੜੈਲ ਸਥਿਤ ਜਵਾਲਾ ਜੀ ਮੰਦਿਰ ਵਿੱਚ ਇੱਕ ਧਾਰਮਿਕ ਪ੍ਰੋਗਰਾਮ ਦੌਰਾਨ ਮੰਗਲਵਾਰ ਦੁਪਹਿਰ ਅਚਾਨਕ ਗੋਲੀ ਚੱਲਣ ਕਾਰਨ ਹੜਕੰਪ ਮਚ ਗਿਆ। ਪਟਿਆਲਾ ਦੇ ਵਕੀਲ ਦਵਿੰਦਰ ਦੇ ਲਾਇਸੈਂਸੀ ਪਿਸਤੌਲ ਤੋਂ ਅਚਾਨਕ ਗੋਲੀ ਚੱਲ ਗਈ।
ਸੂਚਨਾ ਮਿਲਦੇ ਹੀ ਥਾਣਾ ਬੁੜੈਲ ਚੌਂਕੀ ਅਤੇ ਸੈਕਟਰ-34 ਦੀ ਪੁਲਸ ਨੇ ਪਹੁੰਚ ਕੇ ਜਾਂਚ ਤੋਂ ਬਾਅਦ ਦਵਿੰਦਰ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਜ਼ਮਾਨਤੀ ਧਾਰਾ ਵਿੱਚ ਕੇਸ ਦਰਜ ਹੋਣ ਕਾਰਨ ਬਾਅਦ ਵਿੱਚ ਉਸ ਨੂੰ ਥਾਣੇ ਵਿੱਚੋਂ ਹੀ ਜ਼ਮਾਨਤ ਮਿਲ ਗਈ ਸੀ।
ਜਾਣਕਾਰੀ ਮੁਤਾਬਕ ਬੁੜੈਲ ਦੇ ਜਵਾਲਾ ਜੀ ਮੰਦਰ ‘ਚ ਮੰਗਲਵਾਰ ਨੂੰ ਮਰਹੂਮ ਜਗਦਗੁਰੂ ਪੰਚਾਨੰਦ ਗਿਰੀ ਮਹਾਰਾਜ ਦੀ ਸਮਾਧੀ ਦਿੱਤੀ ਜਾ ਰਹੀ ਸੀ। ਇਸ ਦੌਰਾਨ ਜੂਨਾ ਅਖਾੜੇ ਦੇ ਹਰੀ ਗਿਰੀ ਮਹਾਰਾਜ ਉਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਲੋਕਾਂ ਨੂੰ ਭੀੜ ਹੋਣ ‘ਤੇ ਆਪੋ-ਆਪਣੇ ਸਥਾਨਾਂ ‘ਤੇ ਬੈਠਣ ਦੀ ਅਪੀਲ ਕੀਤੀ।

ਫਿਰ ਉੱਥੇ ਮੌਜੂਦ ਦਵਿੰਦਰ ਦੀ ਲਾਇਸੈਂਸੀ ਪਿਸਤੌਲ ਫਰਸ਼ ‘ਤੇ ਡਿੱਗ ਗਈ ਅਤੇ ਗੋਲੀ ਚੱਲ ਗਈ। ਪਰ ਚੰਗੀ ਗੱਲ ਇਹ ਰਹੀ ਕਿ ਗੋਲੀ ਕਿਸੇ ਨੂੰ ਨਹੀਂ ਲੱਗੀ ਤੇ ਸਿੱਧੀ ਖਿੜਕੀ ਦੇ ਸ਼ੀਸ਼ੇ ਵਿਚ ਜਾ ਲੱਗੀ। ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ‘ਚ ਹੜਕੰਪ ਮਚ ਗਿਆ। ਇਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ।
