- ਪਤੀ ਬੀਤੇ ਦਿਨ ਹੀ ਆਇਆ ਸੀ ਵਿਦੇਸ਼ ਤੋਂ ਅਤੇ ਉਸ ਨੇ ਆਉਂਦੇ ਹੀ ਇਸ ਵਾਰਦਾਤ ਨੂੰ ਦਿੱਤਾ ਅੰਜਾਮ
- ਕਤਲ ਤੋਂ ਬਾਅਦ ਦੋਸ਼ੀ ਫਰਾਰ
ਸੁਲਤਾਨਪੁਰ ਲੋਧੀ, 1 ਨਵੰਬਰ 2023 – ਇਹ ਮਾਮਲਾ ਕਪੂਰਥਲਾ ਦੇ ਪਿੰਡ ਸੰਧੂ ਚੱਠਾ ਦਾ ਹੈ ਜਿੱਥੇ ਘਰ ‘ਚ ਇਕੱਲੀ ਰਹਿੰਦੀ 42 ਸਾਲਾ ਔਰਤ ਦਾ ਉਸਦੇ ਪਤੀ ਵੱਲੋਂ ਹੀ ਕਥਿਤ ਤੌਰ ਤੇ ਕਤਲ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਈ। ਹਰਪ੍ਰੀਤ ਕੌਰ ਘਰ ਵਿੱਚ ਇਕੱਲੀ ਰਹਿੰਦੀ ਸੀ ਜਦਕਿ ਉਸਦਾ ਪਤੀ ਸੁਖਦੇਵ ਸਿੰਘ ਉਰਫ ਮੱਖਣ ਇਟਲੀ ਰਹਿੰਦਾ ਹੈ। ਇਹ ਹਰਪ੍ਰੀਤ ਕੌਰ ਅਤੇ ਸੁਖਦੇਵ ਸਿੰਘ ਦਾ ਦੂਜਾ ਵਿਆਹ ਸੀ ਅਤੇ ਉਨ੍ਹਾਂ ਦੇ ਵਿਆਹ ਨੂੰ 17 ਸਾਲ ਹੋ ਚੁੱਕੇ ਸਨ ਅਤੇ ਉਨ੍ਹਾਂ ਦੇ ਇਸ ਵਿਆਹ ਤੋਂ ਕੋਈ ਔਲਾਦ ਨਹੀਂ ਹੈ ,ਪਰ ਸੁਖਦੇਵ ਸਿੰਘ ਦੇ ਪਹਿਲੇ ਵਿਆਹ ਤੋਂ ਇੱਕ ਪੁੱਤਰ ਹੈ ਜੋ ਵੱਖਰਾ ਰਹਿੰਦਾ ਸੀ।
ਸੁਖਦੇਵ ਜੋ ਕਿ ਬੀਤੇ ਦਿਨੀਂ ਇਟਲੀ ਤੋਂ ਆਇਆ ਸੀ, ਆਪਣੇ ਬੇਟੇ ਨੂੰ ਮਿਲਣ ਤੋਂ ਬਾਅਦ ਸਵੇਰੇ ਆਪਣੀ ਪਤਨੀ ਹਰਪ੍ਰੀਤ ਕੌਰ ਨੂੰ ਮਿਲਣ ਆਇਆ ਤਾਂ ਉਨ੍ਹਾਂ ਦੀ ਕਿਸੇ ਗੱਲ ਨੂੰ ਲੈਕੇ ਲੜਾਈ ਹੋ ਗਈ। ਹਰਪ੍ਰੀਤ ਕੌਰ ਆਪਣੀ ਕਿਸੇ ਸਾਥਣ ਨਾਲ ਜਦੋਂ ਸਵੇਰ ਦੀ ਸੈਰ ਕਰਕੇ ਵਾਪਸ ਆਈ ਤਾਂ ਸੁਖਦੇਵ ਸਿੰਘ ਉਸਨੂੰ ਧੱਕੇ ਨਾਲ ਖਿੱਚ ਕੇ ਅੰਦਰ ਲੈ ਗਿਆ ਉਸ ਨੇ ਆਪਣੀ ਪਤਨੀ ਦੇ ਉੱਤੇ ਲਏ ਹੋਏ ਕੱਪੜੇ ਨੂੰ ਉਸਦੇ ਗਲੇ ‘ਚ ਪਾ ਕੇ ਉਸ ਨੂੰ ਕਮਰੇ ਅੰਦਰ ਲੈ ਗਿਆ ਅਤੇ ਫਿਰ ਉਸੇ ਕੱਪੜੇ ਨਾਲ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਉਥੋਂ ਭੱਜ ਗਿਆ, ਫਿਲਹਾਲ ਘਰ ‘ਚ ਕੋਈ ਨਹੀਂ ਹੈ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਹਰਪ੍ਰੀਤ ਵੀ ਕੁਝ ਸਮਾਂ ਪਹਿਲਾਂ ਇਟਲੀ ਤੋਂ ਵਾਪਸ ਆਈ ਸੀ ਪਰ ਉਸ ਦੇ ਪਤੀ ਦਾ ਉਸ ਨਾਲ ਰਵੱਈਆ ਚੰਗਾ ਨਹੀਂ ਸੀ ਜਿਸ ਕਾਰਨ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਦੂਜੇ ਪਾਸੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।