- ਮੁਲਜ਼ਮ ਜਲੰਧਰ ਤੋਂ ਗ੍ਰਿਫਤਾਰ
ਜਲੰਧਰ, 12 ਮਾਰਚ 2023 – ਕਾਂਗਰਸੀ ਆਗੂ ਅਤੇ ਕਪੂਰਥਲਾ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੋਸ਼ਲ ਮੀਡੀਆ ‘ਤੇ ਜਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਆਈਟੀ ਐਕਟ ਤਹਿਤ ਕੇਸ ਦਰਜ ਕੀਤਾ ਸੀ।
ਖਹਿਰਾ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਰਾਜ ਗਰੇਵਾਲ 36 ਨਾਮਕ ਇੰਸਟਾਗ੍ਰਾਮ ਆਈਡੀ ਤੋਂ ਸੁਖਪਾਲ ਖਹਿਰਾ ਨਾਲ ਸਬੰਧਤ ਇੱਕ ਪੋਸਟ ‘ਤੇ ਉਸ ਨੂੰ ਮੱਥੇ ‘ਤੇ ਗੋਲੀ ਮਾਰਨ ਦੀ ਧਮਕੀ ਦਿੱਤੀ ਗਈ ਸੀ। ਇਸ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਭੁਲੱਥ ਦੀ ਪੁਲੀਸ ਨੇ ਆਈਟੀ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਇਸ ਮਾਮਲੇ ਦੀ ਜਾਂਚ ਐਸਪੀਡੀ ਹਰਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਕੀਤੀ ਜਾ ਰਹੀ ਹੈ। ਪੁਲਿਸ ਨੇ ਰਾਜਗਰੇਵਾਲ 36 ਆਈ.ਡੀ ਚਲਾਉਣ ਵਾਲੇ ਰਾਜਾ ਵਾਸੀ ਖੋਜਪੁਰ ਥਾਣਾ ਭੋਗਪੁਰ ਜਿਲਾ ਜਲੰਧਰ ਦੇਹਾਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।