ਲੁਧਿਆਣਾ, 15 ਮਈ 2022 – ਹਰਿਆਣਾ ਦੇ ਹਿਸਾਰ ਦੀ ਪੁਲਿਸ ਸਨੈਚਿੰਗ ਮਾਮਲੇ ਵਿੱਚ ਫੜੇ ਗਏ ਹਵਾਲਾਤੀ ਨੂੰ ਬਰਾਮਦਗੀ ਲਈ ਲੁਧਿਆਣਾ ਲੈ ਕੇ ਆਈ ਸੀ। ਪਰ ਉਹ ਦੋ ਪੁਲਿਸ ਵਾਲਿਆਂ ਨੂੰ ਧੱਕਾ ਦੇ ਕੇ ਫਰਾਰ ਹੋ ਗਿਆ। ਹੁਣ ਮੋਤੀ ਨਗਰ ਥਾਣਾ ਪੁਲਸ ਨੇ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏ ਐਸ ਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਅਰੁਣ ਕੁਮਾਰ ਵਾਸੀ ਮੁੱਲਾਂਪੁਰ ਦਾਖਾ ਵਜੋਂ ਹੋਈ ਹੈ। ਪੁਲੀਸ ਨੇ ਹਿਸਾਰ ਦੇ ਐਸਟੀਐਮ ਥਾਣੇ ਵਿੱਚ ਤਾਇਨਾਤ ਏ ਐਸ ਆਈ ਅਨਿਲ ਕੁਮਾਰ ਦੀ ਸ਼ਿਕਾਇਤ ’ਤੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਏ ਐਸ ਆਈ ਅਨਿਲ ਕੁਮਾਰ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਐਸ.ਟੀ.ਐਮ.ਥਾਣਾ ਪੁਲਿਸ ਨੇ 11 ਮਈ ਨੂੰ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇ ਦਿਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। 13 ਮਈ ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਬਰਾਮਦਗੀ ਲਈ ਉਸ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਸੀ। ਬੀਤੀ 14 ਮਈ ਨੂੰ ਉਹ ਪੁਲਿਸ ਪਾਰਟੀ ਸਮੇਤ ਲੁਧਿਆਣਾ ਦੇ ਸ਼ੇਰਪੁਰ ਦੇ ਮੇਨ ਬਜ਼ਾਰ ਪੁੱਜਾ। ਉਸ ਦਿਨ ਮੁਲਜ਼ਮ ਨੂੰ ਦਸਤ ਦੀ ਸ਼ਿਕਾਇਤ ਸੀ ਅਤੇ ਉਹ ਵਾਰ-ਵਾਰ ਟਾਇਲਟ ਜਾ ਰਿਹਾ ਸੀ। ਜਦੋਂ ਅਨਿਲ ਕੁਮਾਰ ਅਤੇ ਹੌਲਦਾਰ ਲਖਵਿੰਦਰ ਸਿੰਘ ਮੁਲਜ਼ਮ ਨੂੰ ਤੀਜੀ ਵਾਰ ਪਬਲਿਕ ਟਾਇਲਟ ਵਿਚ ਲੈ ਕੇ ਗਏ ਤਾਂ ਉਸ ਨੂੰ ਅੰਦਰ ਭੇਜਣ ਤੋਂ ਬਾਅਦ ਦੋਵੇਂ ਬਾਹਰ ਖੜ੍ਹੇ ਹੋ ਕੇ ਉਸ ਦਾ ਇੰਤਜ਼ਾਰ ਕਰਨ ਲੱਗੇ। ਜਿਵੇਂ ਹੀ ਉਹ ਬਾਹਰ ਆਇਆ ਤਾਂ ਮੁਲਜ਼ਮ ਦੋਵਾਂ ਨੂੰ ਧੱਕਾ ਮਾਰ ਅਤੇ ਕੰਧ ਟੱਪ ਕੇ ਫਰਾਰ ਹੋ ਗਿਆ।
ਅਨਿਲ ਕੁਮਾਰ ਨੇ ਦੱਸਿਆ ਕਿ 11 ਮਈ ਨੂੰ ਮੁਲਜ਼ਮਾਂ ਨੇ ਹਿਸਾਰ ਦੇ ਸ਼ਿਵ ਨਗਰ ਇਲਾਕੇ ‘ਚ 92 ਸਾਲਾ ਔਰਤ ਦੇ ਕੰਨ ‘ਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਸਨ। ਗ੍ਰਿਫਤਾਰੀ ਤੋਂ ਬਾਅਦ ਉਸ ਨੇ ਦੱਸਿਆ ਕਿ ਉਸੇ ਦਿਨ ਮੁਲਜ਼ਮ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿੱਚ ਆਇਆ ਸੀ ਅਤੇ ਦੋਵੇਂ ਕੰਨਾਂ ਦੀਆਂ ਵਾਲੀਆਂ ਇੱਕ ਸੁਨਿਆਰੇ ਨੂੰ ਵੇਚ ਦਿੱਤੀਆਂ ਸਨ। ਮੁੰਦਰਾ ਵੇਚਣ ਤੋਂ ਬਾਅਦ ਉਹ ਵਾਪਸ ਹਿਸਾਰ ਚਲਾ ਗਿਆ। ਜਿੱਥੇ ਪੁਲਿਸ ਨੇ ਅਗਲੇ ਹੀ ਦਿਨ ਉਸਨੂੰ ਗ੍ਰਿਫਤਾਰ ਕਰ ਲਿਆ ਸੀ।