- ਜਾਅਲੀ ਸ਼ਨਾਖਤੀ ਕਾਰਡ ਬਣਾਉਂਦਾ ਸੀ
ਲੁਧਿਆਣਾ, 7 ਫਰਵਰੀ 2023 – ਲੁਧਿਆਣਾ ਪੁਲਿਸ ਨੇ ਸੰਗਰੂਰ ਜੇਲ੍ਹ ਤੋਂ ਚਲਾਏ ਜਾ ਰਹੇ ਪੁਲਿਸ ਵਿਭਾਗ ਦੇ ਜਾਅਲੀ ਸ਼ਨਾਖਤੀ ਕਾਰਡ ਬਣਾਉਣ ਦੇ ਰੈਕੇਟ ਦਾ ਪਰਦਾਫਾਸ਼ ਕਰਦਿਆਂ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ‘ਚੋਂ ਇੱਕ ਨਾਭਾ ਜੇਲ੍ਹ ਬ੍ਰੇਕ ਕਾਂਡ ਵਿੱਚ ਕਥਿਤ ਤੌਰ ’ਤੇ ਸ਼ਾਮਲ ਮੁਲਜ਼ਮ ਸੀ।
ਮੁਲਜ਼ਮਾਂ ਦੀ ਪਛਾਣ ਪੰਕਜ ਸੂਰੀ ਵਾਸੀ ਭਾਮੀਆਂ ਕਲਾਂ ਅਤੇ ਅਮਨ ਕੁਮਾਰ ਉਰਫ ਅਵਿਲੋਕ ਵਿਰਾਜ ਖੱਤਰੀ ਵਾਸੀ ਕੁਰੂਕਸ਼ੇਤਰ ਹਰਿਆਣਾ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਜਾਅਲੀ ਸ਼ਨਾਖਤੀ ਕਾਰਡ, ਇੱਕ ਪ੍ਰਿੰਟਰ, 3 ਲੈਪਟਾਪ, ਪੰਜ ਮੋਬਾਈਲ ਅਤੇ ਜਾਅਲੀ ਸਟੈਂਪ ਬਰਾਮਦ ਕੀਤੇ ਹਨ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਦੇ ਅਨੁਸਾਰ, ਦੋਸ਼ੀਆਂ ਨੇ ਪੂਰੇ ਭਾਰਤ ਵਿੱਚ ਘੱਟੋ-ਘੱਟ 400 ਨੌਜਵਾਨਾਂ ਨੂੰ ਸੀਸੀਟੀਐਨਐਸ ਵਲੰਟੀਅਰ ਨਿਯੁਕਤ ਕਰਨ ਦੇ ਨਾਮ ‘ਤੇ 4 ਲੱਖ ਰੁਪਏ ਦੀ ਠੱਗੀ ਮਾਰੀ ਹੈ।
ਮੁਲਜ਼ਮਾਂ ਨੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਪ੍ਰੋਗਰਾਮ ਕ੍ਰਾਈਮ ਐਂਡ ਕ੍ਰਿਮੀਨਲ ਟ੍ਰੈਕਿੰਗ ਨੈੱਟਵਰਕ ਐਂਡ ਸਿਸਟਮ ਨਾਂ ਦਾ ਫੇਸਬੁੱਕ ਪੇਜ ਸ਼ੁਰੂ ਕੀਤਾ ਹੈ। ਮੁਲਜ਼ਮਾਂ ਨੇ 10ਵੀਂ ਪਾਸ ਅਤੇ ਬੀਏ ਦੇ ਵਿਦਿਆਰਥੀਆਂ ਨੂੰ ਸਰਕਾਰੀ ਨੈੱਟਵਰਕ ਵਿੱਚ ਨੌਕਰੀ ਦੇਣ ਦਾ ਝਾਂਸਾ ਦੇ ਕੇ 14000 ਤੋਂ 22000 ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ਦਾ ਵਾਅਦਾ ਕੀਤਾ। ਉਹ ਪੇਟੀਐਮ ਰਾਹੀਂ ਹਰੇਕ ਉਮੀਦਵਾਰ ਤੋਂ ਰਜਿਸਟ੍ਰੇਸ਼ਨ ਵਜੋਂ 999 ਰੁਪਏ ਵਸੂਲਦੇ ਸਨ। ਬਾਅਦ ਵਿੱਚ ਉਨ੍ਹਾਂ ਨੂੰ ਪੁਲਿਸ ਦੇ ਵੱਖ-ਵੱਖ ਰੈਂਕ ਦੇ ਜਾਅਲੀ ਪਛਾਣ ਪੱਤਰ ਜਾਰੀ ਕਰਦੇ ਹਨ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ‘ਤੇ ਕਾਰਵਾਈ ਕਰਦਿਆਂ ਸਾਈਬਰ ਵਿੰਗ ਅਤੇ ਸੀਆਈਏ ਸਟਾਫ 2 ਦੀ ਪੁਲਿਸ ਨੇ ਪੰਕਜ ਸੂਰੀ ਨੂੰ ਗ੍ਰਿਫਤਾਰ ਕੀਤਾ, ਜੋ ਕਿ ਸੀਸੀਟੀਐਨਐਸ ਦਾ ਕਮਾਂਡੈਂਟ ਸੀ। ਸੂਰੀ ਨੇ ਪੁਲਿਸ ਨੂੰ ਅਮਨ ਕੁਮਾਰ ਬਾਰੇ ਦੱਸਿਆ ਜੋ ਸੰਗਰੂਰ ਜੇਲ੍ਹ ਤੋਂ ਰੈਕੇਟ ਚਲਾ ਰਿਹਾ ਸੀ। ਪੁਲੀਸ ਵੱਲੋਂ ਦਿੱਤੀ ਸੂਚਨਾ ਤੋਂ ਬਾਅਦ ਜੇਲ੍ਹ ਸਟਾਫ਼ ਨੇ ਅਮਨ ਕੁਮਾਰ ਕੋਲੋਂ 2 ਮੋਬਾਈਲ ਬਰਾਮਦ ਕੀਤੇ।
ਫੜੇ ਜਾਣ ‘ਤੇ ਉਸ ਨੇ ਫ਼ੋਨ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਫਰਸ਼ ‘ਤੇ ਸੁੱਟ ਦਿੱਤਾ ਸੀ। ਪੁਲਿਸ ਫ਼ੋਨ ਤੋਂ ਡਾਟਾ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 419, 420, 120ਬੀ, 466, 467, 468, 471, ਸੂਚਨਾ ਤੇ ਤਕਨਾਲੋਜੀ ਐਕਟ ਦੀ ਧਾਰਾ 66ਸੀ ਅਤੇ 66ਡੀ ਤਹਿਤ ਥਾਣਾ ਡਵੀਜ਼ਨ ਨੰਬਰ 7, ਲੁਧਿਆਣਾ ਵਿਖੇ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਅਮਨ ਖ਼ਿਲਾਫ਼ 30 ਕੇਸ ਦਰਜ ਹਨ।