ਲੁਧਿਆਣਾ, 29 ਜਨਵਰੀ 2023 – ਲੁਧਿਆਣਾ ਥਾਣਾ ਦੁੱਗਰੀ ਦੇ ਥਾਣੇ ਦੀ ਪੁਲਿਸ ਕੋਲੋਂ ਇੱਕ ਮੁਲਜ਼ਮ ਹੱਥਕੜੀ ਸਮੇਤ ਫਰਾਰ ਹੋ ਗਿਆ। ਪਰ ਪੁਲਿਸ ਵੱਲੋਂ ਉਸ ਨੂੰ ਰਾਤ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ।
ਮੁਲਜ਼ਮ ਦੀ ਪਛਾਣ ਯੂ.ਪੀ ਦੇ ਵਸਨੀਕ ਚੰਦਰਸ਼ੇਖਰ ਵਜੋਂ ਹੋਈ ਹੈ। ਉਸ ਨੂੰ ਵਿਆਹ ਦੇ ਬਹਾਨੇ ਨਾਬਾਲਗ ਨੂੰ ਅਗਵਾ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਸ਼ਨੀਵਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ।
ਜਦੋਂ ਪੁਲਿਸ ਮੁਲਾਜ਼ਮ ਮੁਲਜ਼ਮ ਨੂੰ ਪੇਸ਼ੀ ਮੌਕੇ ਲਿਜਾ ਰਹੇ ਸਨ ਤਾਂ ਮੁਲਜ਼ਮ ਪੁਲਿਸ ਦੀ ਗੱਡੀ ਹੌਲੀ ਹੋਣ ਮੌਕੇ ਆਤਮ ਨਗਰ ਪੁਲਿਸ ਚੌਂਕੀ ਕੋਲੋਂ ਭੱਜ ਗਿਆ। ਜਿਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਨੂੰ ਫੜਨ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਉਹ ਜਾਮ ਅਤੇ ਭੀੜ ਦਾ ਲਾਹਾ ਲੈ ਕੇ ਭੱਜ ਗਿਆ। ਇਹ ਘਟਨਾ ਦੁਪਹਿਰ ਕਰੀਬ 3 ਵਜੇ ਦੀ ਦੱਸੀ ਜਾ ਰਹੀ ਹੈ।
ਪਰ ਬਾਅਦ ‘ਚ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਕਰੀਬ ਰਾਤ ਦੇ 9 ਵਜੇ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਹੈਬੋਵਾਲ ‘ਚ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਲੁਕ ਗਿਆ ਸੀ।