- ਲੜਕੀ ਹਸਪਤਾਲ ਦਾਖਲ, ਹਾਲਤ ਨਾਜ਼ੁਕ
ਅੰਮ੍ਰਿਤਸਰ, 28 ਜਨਵਰੀ 2023 – ਅੰਮ੍ਰਿਤਸਰ ‘ਚ ਇਕ ਸਿਰਫਿਰੇ ਆਸ਼ਕ ਵੱਲੋਂ ਇਕ ਤਰਫਾ ਪਿਆਰ ਵਿਚ 22 ਸਾਲਾ ਮੁਟਿਆਰ ਨੂੰ ਗੋਲੀ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇਹ ਵਿਅਕਤੀ ਪਹਿਲਾਂ ਵੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਬੀਤੀ ਸ਼ਾਮ ਇਸਨੇ ਫਰੈਂਡਜ਼ ਕਲੌਨੀ ਵਿਚ ਰਹਿੰਦੀ ਲੜਕੀ ਨੂੰ ਗੋਲੀ ਮਾਰ ਦਿੱਤੀ, ਜਿਸ ਦੀ ਹਾਲਾਤ ਗੰਭੀਰ ਹੈ ਤੇ ਉਸਦਾ ਹਸਪਤਾਲ ਵਿਚ ਇਲਾਜ ਚਲ ਰਿਹਾ ਹੈ। ਇਸ ਦੇ ਨਾਲ ਹੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ ਅੰਮ੍ਰਿਤਸਰ ਦੀ ਫਰੈਂਡਜ਼ ਕਲੋਨੀ ਦੀ ਹੈ। ਕਲੋਨੀ ਵਿੱਚ ਰਹਿਣ ਵਾਲੀ ਅਮੋਲਦੀਪ ਕੌਰ ਘਰ ਦੇ ਬਾਹਰ ਖੜ੍ਹੀ ਸੀ। ਉਦੋਂ ਦੋ ਨੌਜਵਾਨ ਮੋਟਰਸਾਈਕਲ ‘ਤੇ ਆਏ ਅਤੇ ਲੜਕੀ ‘ਤੇ ਤਿੰਨ ਗੋਲੀਆਂ ਮਾਰ ਕੇ ਫਰਾਰ ਹੋ ਗਏ। ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਤੁਰੰਤ ਉਸ ਨੂੰ ਅਮਨਦੀਪ ਹਸਪਤਾਲ ਵਿਖੇ ਦਾਖਲ ਕਰਵਾਇਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਅੰਮ੍ਰਿਤਸਰ ਪੁਲੀਸ ਲਾਈਨ ਵਿੱਚ ਤਾਇਨਾਤ ਏਐਸਆਈ ਦੇ ਲੜਕੇ ਦਾ ਨਾਮ ਲਿਆ ਹੈ। ਅਮੋਲਦੀਪ ਦੇ ਦਾਦਾ ਨੇ ਦੱਸਿਆ ਕਿ ਪਹਿਲਾਂ ਮੁਲਜ਼ਮ ਅਤੇ ਉਸ ਦੀ ਪੋਤੀ ਵਿਚਕਾਰ ਦੋਸਤੀ ਸੀ ਪਰ ਮੁਲਜ਼ਮਾਂ ਦੀਆਂ ਹਰਕਤਾਂ ਦੇਖ ਕੇ ਉਹ ਪਿੱਛੇ ਹਟ ਗਈ।
ਕਈ ਵਾਰ ਮੁਲਜ਼ਮ ਵੱਲੋਂ ਥਾਣੇ ਵਿੱਚ ਸ਼ਿਕਾਇਤ ਵੀ ਕੀਤੀ ਗਈ ਪਰ ਉਹ ਵਾਰ-ਵਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਇੱਕ ਵਾਰ ਤਾਂ ਏ.ਐਸ.ਆਈ ਅਤੇ ਉਸਦਾ ਲੜਕਾ ਥਾਣੇ ਵਿੱਚ ਮਾਫੀ ਮੰਗ ਕੇ ਵੀ ਗਏ ਸੀ।
ਐਸਐਚਓ ਖੁਸ਼ਬੂ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੀੜਤ ਪਰਿਵਾਰ ਦਾ ਪਹਿਲਾਂ ਹੀ ਲੜਾਈ-ਝਗੜਾ ਚੱਲ ਰਿਹਾ ਹੈ ਅਤੇ ਇਸ ਸਬੰਧੀ ਥਾਣੇ ਵਿੱਚ ਸ਼ਿਕਾਇਤਾਂ ਪੈਂਡਿੰਗ ਹਨ, ਪਰ ਇਸ ਘਟਨਾ ਦਾ ਉਨ੍ਹਾਂ ਸ਼ਿਕਾਇਤਾਂ ਨਾਲ ਕੀ ਸਬੰਧ ਹੈ, ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਫਿਲਹਾਲ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।