ਜਲੰਧਰ, 1 ਜੂਨ 2022 – ਵਿਦੇਸ਼ ਭੇਜਣ ਦੇ ਨਾਂ ‘ਤੇ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਖਿਲਾਫ ਕਾਰਵਾਈ ਕਰਦੇ ਹੋਏ ਜਲੰਧਰ ਦੇ ਡੀਸੀ ਨੇ ਹੁਣ ਖੁਰਲਾ ਕਿੰਗਰਾ ਦੀ ਟਰੈਵਲ ਏਜੰਸੀ ਮੈਸਰਜ਼ ਡਰੀਮ ਕੈਸਲ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਇਸ ਏਜੰਸੀ ਖ਼ਿਲਾਫ਼ ਥਾਣਾ ਬਾਰਾਦਰੀ ਵਿੱਚ ਧੋਖਾਧੜੀ ਦੇ ਦੋ ਕੇਸ ਦਰਜ ਹਨ। ਡੀਸੀ ਦਫ਼ਤਰ ਵਿੱਚ ਵੀ ਟਰੈਵਲ ਏਜੰਸੀ ਖ਼ਿਲਾਫ਼ ਸ਼ਿਕਾਇਤਾਂ ਆਈਆਂ ਸਨ।
ਡੀਸੀ ਘਣਸ਼ਿਆਮ ਥੋਰੀ ਨੇ ਏਜੰਸੀ ਦੇ ਮਾਲਕ ਹਰਜੀਤ ਸਿੰਘ ਖ਼ਿਲਾਫ਼ ਦਰਜ ਹੋਏ ਕੇਸਾਂ ਅਤੇ ਪ੍ਰਾਪਤ ਸ਼ਿਕਾਇਤਾਂ ਨੂੰ ਲੈ ਕੇ ਉਸ ਨੂੰ ਤਲਬ ਕੀਤਾ ਸੀ। ਹਰਜੀਤ ਸਿੰਘ ਨੂੰ 4 ਮਈ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ, ਹਰਜੀਤ ਨੇ ਕੋਈ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਸਖ਼ਤ ਕਾਰਵਾਈ ਕਰਦਿਆਂ ਟਰੈਵਲ ਏਜੰਸੀ ਦਾ ਕੰਸਲਟੈਂਸੀ ਲਾਈਸੈਂਸ ਨੰਬਰ 622/ALC-4/LA ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ।
ਦੱਸ ਦੇਈਏ ਕਿ ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ ਟ੍ਰੈਵਲ ਏਜੰਸੀ ਮੈਸਰਜ਼ ਡਰੀਮ ਕੈਸਲ ਖਿਲਾਫ ਐੱਫਆਈਆਰ ਨੰਬਰ 31 ਅਤੇ 33 ਦਰਜ ਕੀਤੀ ਗਈ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 16 ਅਗਸਤ 2018 ਨੂੰ ਏਜੰਸੀ ਨੂੰ ਲਾਇਸੈਂਸ ਜਾਰੀ ਕੀਤਾ ਗਿਆ ਸੀ ਅਤੇ ਇਸ ਦੀ ਮਿਆਦ 15 ਅਗਸਤ 2023 ਤੱਕ ਸੀ ਪਰ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਦੇਸ਼ ਭੇਜਣ ਦੇ ਨਾਂ ‘ਤੇ ਕੰਸਲਟੈਂਸੀ ਲਾਇਸੈਂਸ ਨਾਲ ਧੋਖਾਧੜੀ ਕਰਨ ਦੇ ਦੋਸ਼ ਹੇਠ ਇਸ ਨੂੰ ਰੱਦ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਵੀ 19 ਮਈ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਜਲੰਧਰ ਸਥਿਤ ਟਰੈਵਲ ਏਜੰਸੀ ‘ਸਾਰ ਇੰਟਰਪ੍ਰਾਈਜ਼ਜ਼’ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਸਾਰ ਇੰਟਰਪ੍ਰਾਈਜ਼ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਇਹ ਵੀ ਨੋਟਿਸ ਜਾਰੀ ਕੀਤਾ ਸੀ ਕਿ ਜਿਨ੍ਹਾਂ ਠੱਗ ਏਜੰਟਾਂ ਕੋਲ ਕੰਸਲਟੈਂਸੀ ਲਾਇਸੈਂਸ ਨਹੀਂ ਹੈ, ਲੋਕ ਉਨ੍ਹਾਂ ਨੂੰ ਆਪਣੀਆਂ ਇਮਾਰਤਾਂ ਕਿਰਾਏ ‘ਤੇ ਨਾ ਦੇਣ।
ਨਹੀਂ ਤਾਂ ਧੋਖਾਧੜੀ ਕਰਨ ਵਾਲੇ ਏਜੰਟ ਦੇ ਨਾਲ-ਨਾਲ ਇਮਾਰਤ ਅਤੇ ਇਮਾਰਤ ਦੇ ਮਾਲਕਾਂ ‘ਤੇ ਵੀ ਮਾਮਲਾ ਦਰਜ ਕੀਤਾ ਜਾਵੇਗਾ। ਇਸ ਦਾ ਕਾਰਨ ਦੱਸਦੇ ਹੋਏ ਪ੍ਰਸ਼ਾਸਨ ਨੇ ਕਿਹਾ ਸੀ ਕਿ ਧੋਖਾਧੜੀ ਕਰਨ ਤੋਂ ਬਾਅਦ ਏਜੰਟ ਦੁਕਾਨ ਨੂੰ ਤਾਲਾ ਲਗਾ ਕੇ ਫਰਾਰ ਹੋ ਗਏ ਅਤੇ ਜਦੋਂ ਘਰ-ਦੁਕਾਨ ਮਾਲਕਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਕੋਲ ਮੁਲਜ਼ਮਾਂ ਦਾ ਕੋਈ ਠਿਕਾਣਾ ਨਹੀਂ ਸੀ।