ਅੰਮ੍ਰਿਤਸਰ, 4 ਅਪ੍ਰੈਲ 2025 – ਅੱਤ ਦੀ ਗਰਮੀ ਅਤੇ ਲੂ ਤੋਂ ਬਚਣ ਲਈ ਸਿਹਤ ਸੰਭਾਲ ਜ਼ਰੂਰੀ ਹੈ। ਇਹ ਸ਼ਬਦ ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਵੱਧ ਰਹੀ ਗਰਮੀ ਦੇ ਸਬੰਧ ਵਿਚ ਲੋਕਾਂ ਨੂੰ ਜਾਗਰੂਕ ਕਰਦਿਆਂ ਕੀਤੇ। ਉਨ੍ਹਾਂ ਦੱਸਿਆ ਕਿ ਗਰਮੀ ਦੀ ਤੇਜ਼ ਲਹਿਰ ਦੇ ਚੱਲਦਿਆਂ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਗਰਮੀ ਅਤੇ ਲੂ ਤੋਂ ਪ੍ਰਭਾਵਿਤ ਹੋਣ ਨਾਲ ਡੀ-ਹਾਈਡ੍ਰੇਸ਼ਨ, ਹੀਟ ਸਟ੍ਰੋਕ, ਬੁਖਾਰ, ਸਿਰ ਦਰਦ, ਉਲਟੀ, ਡਾਈਰੀਆ ਅਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਖਾਸ ਕਰ ਕੇ ਬਜ਼ੁਰਗਾਂ, ਬੱਚਿਆਂ ਅਤੇ ਪਹਿਲਾਂ ਤੋਂ ਹੀ ਕਿਸੇ ਬੀਮਾਰੀ ਨਾਲ ਪੀੜਤ ਲੋਕਾਂ ਨੂੰ ਇਸ ਮੌਸਮ ਵਿਚ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੈ। ਇਸ ਮੌਸਮ ਵਿੱਚ ਥਕਾਵਟ, ਬੁਖਾਰ, ਉਲਟੀਆਂ, ਦਿਲ ਦੀ ਧੜਕਣ ਤੇਜ਼ ਹੋਣ ਆਦਿ ਦੇ ਲੱਛਣ ਪ੍ਰਗਟ ਹੋ ਸਕਦੇ ਹਨ। ਅਜਿਹੇ ਹਾਲਾਤਾਂ ਵਿਚ ਲੋਕ ਸੈਲਫ ਮੈਡੀਕੇਸ਼ਨ ਤੋਂ ਬੱਚਣ ਅਤੇ ਕਿਸੇ ਵੀ ਤਰ੍ਹਾਂ ਦੇ ਲੱਛਣ ਪ੍ਰਗਟ ਹੋਣ ’ਤੇ ਨੇੜੇ ਦੇ ਸਰਕਾਰੀ ਸਿਹਤ ਕੇਂਦਰਾਂ ਦੇ ਮਾਹਿਰ ਡਾਕਟਰਾਂ ਨਾਲ ਸੰਪਰਕ ਕਰਨ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਲੂ ਅਤੇ ਗਰਮੀ ਤੋਂ ਬਚਣ ਲਈ ਤਰਲ ਪਦਾਰਥ ਜਿਵੇਂ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਅਤੇ ਓ. ਆਰ. ਐੱਸ. ਦਾ ਘੋਲ ਆਦਿ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾਵੇ, ਬਾਹਰ ਜਾਣ ਤੋਂ ਪਹਿਲਾਂ ਸਰੀਰ ਨੂੰ ਪੂਰੀ ਤਰ੍ਹਾਂ ਢੱਕਿਆ ਜਾਵੇ, ਸੂਤੀ ਅਤੇ ਹਲਕੇ ਰੰਗਾਂ ਦੇ ਕੱਪੜੇ ਪਹਿਨੇ ਜਾਣ, ਘਰ ਦਾ ਬਣਿਆ ਸੰਤੁਲਤ ਭੋਜਨ ਖਾਧਾ ਜਾਵੇ, ਧੁੱਪ ਵਿਚ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ, ਆਸ-ਪਾਸ ਦੀ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਇਸ ਮੌਕੇ ਜ਼ਿਲਾ ਐਪੀਡਿਮੋਲੋਜਿਸਟ ਡਾ. ਹਰਜੋਤ ਕੌਰ, ਜ਼ਿਲਾ ਐੱਮ. ਈ. ਆਈ. ਓ. ਅਮਰਦੀਪ ਸਿੰਘ ਅਤੇ ਸਮੂਹ ਸਟਾਫ ਹਾਜ਼ਰ ਸਨ।

