ਅੰਮ੍ਰਿਤਸਰ, 26 ਦਸੰਬਰ 2022 – ਜਿੱਥੇ ਲੋਕ ਸ਼ਰਧਾ ਨਾਲ ਅੰਮ੍ਰਿਤਸਰ ਦੀ ਗੁਰੂ ਨਗਰੀ ਪਹੁੰਚਦੇ ਹਨ। ਉਥੇ ਹੀ ਦੂਜੇ ਪਾਸੇ ਧਾਰਮਿਕ ਅਸਥਾਨਾਂ ‘ਤੇ ਆਉਣ ਵਾਲੇ ਲੋਕਾਂ ਨੂੰ ਹੋਟਲ ਬੁੱਕ ਕਰਵਾਉਣ ਲਈ ਗਾਹਕਾਂ ਨੂੰ ਲੜਕੀਆਂ ਮੁਹੱਈਆ ਕਰਵਾਉਣ ਦਾ ਲਾਲਚ ਦੇ ਕੇ ਕਮਰਾ ਬੁੱਕ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਯੂਟਿਊਬਰ ਨੇ ਆਪਣੇ ਨਾਲ ਵਾਪਰੀ ਘਟਨਾ ਦੀ ਵੀਡੀਓ ਵੀ ਅੱਪਲੋਡ ਕੀਤੀ ਹੈ, ਜਿਸ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਹੈ।
ਅਜਿਹੀ ਹੀ ਇੱਕ ਘਟਨਾ ਯੂਟਿਊਬਰ ਉਮਰ ਨਾਲ ਵਾਪਰੀ ਹੈ। ਉਮਰ, ਜੋ ਸੋਸ਼ਲ ਮੀਡੀਆ ‘ਤੇ ਦਿ ਉਮਰ ਦੇ ਨਾਮ ਨਾਲ ਆਪਣਾ ਵੀਡੀਓ ਬਲਾਗ ਚਲਾਉਂਦਾ ਹੈ, ਨੂੰ ਹਰਿਮੰਦਰ ਸਾਹਿਬ ਦੇ ਨੇੜੇ ਇੱਕ ਦਲਾਲ ਨੇ ਇੱਕ ਲੜਕੀ ਨੂੰ ਹੋਟਲ ਦੇ ਕਮਰੇ ਦੇਣ ਦੀ ਪੇਸ਼ਕਸ਼ ਕੀਤੀ ਸੀ।
ਯੂਟਿਊਬਰ ਉਮਰ ਅੰਮ੍ਰਿਤਸਰ ਸ਼ਹਿਰ ‘ਤੇ ਵੀਡੀਓ ਬਲਾਗ ਬਣਾਉਣ ਲਈ ਆਇਆ ਸੀ। ਇਸ ਦੌਰਾਨ ਉਹ ਅੰਮ੍ਰਿਤਸਰ ਦੇ ਵੱਖ-ਵੱਖ ਹਿੱਸਿਆਂ ਵਿਚ ਘੁੰਮਦਾ ਹੋਇਆ ਹਰਿਮੰਦਰ ਸਾਹਿਬ ਦੇ ਨੇੜੇ ਪਹੁੰਚਿਆ। ਉਹ ਉਥੇ ਮੌਜੂਦ ਲੋਕਾਂ ਤੋਂ ਸਾਮਾਨ ਵੀ ਖਰੀਦ ਰਿਹਾ ਸੀ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕਰ ਰਿਹਾ ਸੀ। ਜਦੋਂ ਕੁਝ ਲੋਕਾਂ ਨੇ ਉਸ ਨੂੰ ਪਛਾਣਿਆ ਤਾਂ ਉਹ ਉਸ ਨਾਲ ਸੈਲਫੀ ਵੀ ਲੈ ਰਹੇ ਸਨ।
ਇਸ ਦੌਰਾਨ ਇੱਕ ਦਲਾਲ ਨੇ ਉਮਰ ਦਾ ਹੱਥ ਫੜ ਲਿਆ। ਕਹਿਣ ਲੱਗਾ ਕਿ ਹੋਟਲ ਵਿਚ ਕਮਰੇ ਦੀ ਲੋੜ ਹੈ। ਉਮਰ ਨੇ ਕਿਹਾ ਨਹੀਂ, ਪਰ ਦਲਾਲ ਨੇ ਫਿਰ ਵੀ ਹਾਰ ਨਹੀਂ ਮੰਨੀ ਅਤੇ ਉਮਰ ਨੂੰ ਪੇਸ਼ਕਸ਼ ਕੀਤੀ ਕਿ ਕੁੜੀ ਵੀ ਹੋਟਲ ਵਿਚ ਮਿਲ ਜਾਵੇਗੀ। ਪਰ ਉਮਰ ਉਸਦੀ ਗੱਲ ਨੂੰ ਟਾਲਦਾ ਹੋਇਆ ਅੱਗੇ ਵਧ ਗਿਆ।
ਯੂਟਿਊਬਰ ਉਮਰ ਵੱਲੋਂ ਅੰਮ੍ਰਿਤਸਰ ‘ਤੇ ਬਣਾਈ ਗਈ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਲੋਕ ਦਲਾਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਵੀ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਹ ਸਭ ਪ੍ਰਸ਼ਾਸਨ ਦੀ ਮਿਲੀਭੁਗਤ ਅਤੇ ਕਮਜ਼ੋਰੀ ਕਾਰਨ ਹੋ ਰਿਹਾ ਹੈ। ਧਾਰਮਿਕ ਸ਼ਹਿਰ ਵਿੱਚ ਉੱਚੀ ਪਹੁੰਚ ਰੱਖਣ ਵਾਲੇ ਗਲਤ ਕਾਰੋਬਾਰ ਚਲਾ ਕੇ ਸ਼ਹਿਰ ਦਾ ਅਕਸ ਖਰਾਬ ਕਰ ਰਹੇ ਹਨ।