- ਅਫ਼ਵਾਹਾਂ ’ਤੇ ਧਿਆਨ ਨਾ ਦਿੱਤਾ ਜਾਵੇ, ਕੋਈ ਦਿਕਤ ਹੋਵੇ ਤਾਂ ਹੈਲਪ ਲਾਈਨ ਨੰਬਰ ਤੋਂ ਜਾਣਕਾਰੀ ਲੈਣ ਲੋਕ : ਕੋਹਲੀ
ਪਟਿਆਲਾ, 9 ਜੁਲਾਈ 2023 – ਸਵੇਰ ਤੋਂ ਪੈ ਰਹੀ ਲਗਾਤਾਰ ਬਾਰਿਸ਼ ਕਾਰਨ ਸ਼ਹਿਰ ਦੇ ਕਈ ਇਲਾਕੇ ਪਾਣੀ ਤੋਂ ਪ੍ਰਭਾਵਿਤ ਹੋਣ ਕਾਰਨ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਹੁਕਮਾਂ ਤਹਿਤ ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਆਪਣੀ ਟੀਮ ਨਾਲ ਮੀਂਹ ਤੋਂ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ।ਇਸ ਦੌਰਾਨ ਉਨ੍ਹਾਂ ਦੇ ਨਾਲ ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਨਮਨ ਮਾਰਕੰਨ, ਤਹਿਸੀਲਦਾਰ ਰਣਜੀਤ ਸਿੰਘ, ਨਿਗਰਾਨ ਇੰਜੀਨੀਅਰ ਸ਼ਾਮ ਲਾਲ ਗੁਪਤਾ, ਐਕਸੀਅਨ ਰਾਜਪਾਲ, ਮਨੀਸ਼ ਪੁਰੀ ਸਮੇਤ ਹੋਰ ਅਮਲਾ ਵੀ ਮੌਜੂਦ ਸੀ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਸਭ ਤੋਂ ਪਹਿਲਾਂ 21 ਨੰਬਰ ਫਾਟਕ ਨਜ਼ਦੀਕ ਮਾਨਸ਼ਾਹੀਆ ਕਲੋਨੀ ਪਹੁੰਚੇ, ਜਿਥੇ ਬਾਰਿਸ਼ ਦੇ ਪਾਣੀ ਨੂੰ ਤੁਰੰਤ ਕੱਢਣ ਦੇ ਆਦੇਸ਼ ਦਿੱਤੇ ਕਿ ਜੋ ਵੀ ਮਸ਼ੀਨਰੀ ਲੋੜੀਂਦੀ ਹੈ, ਉਸ ਨੂੰ ਤੁਰੰਤ ਲੈ ਕੇ ਪਾਣੀ ਦੀ ਨਿਕਾਸੀ ਕਰਵਾਈ ਜਾਵੇ ਤਾਂ ਕਿ ਇਲਾਕੇ ਵਿੱਚ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਬਾਅਦ ਉਹ ਸ਼ਹਿਰ ਦੇ ਵਿਚਕਾਰ ਸਥਿਤ ਅਰਨਾ-ਬਰਨਾ ਚੌਕ ਕੋਲ ਆਹਲੂਵਾਲੀਆ ਪਾਰਕ ਨਜ਼ਦੀਕ ਪੁੱਜੇ, ਜਿਥੇ ਲੰਮੇ ਸਮੇਂ ਤੋਂ ਮੀਂਹ ਪੈਣ ’ਤੇ ਪਾਣੀ ਖੜ੍ਹਨ ਦੀ ਸਮੱਸਿਆ ਆਉਂਦੀ ਹੈ। ਉਨ੍ਹਾਂ ਨੇ ਇਸ ਪਾਣੀ ਨੂੰ ਵੀ ਇੰਜਣ ਲਗਾ ਕੇ ਜਲਦੀ ਤੋਂ ਜਲਦੀ ਕੱਢ ਕੇ ਸੜਕ ਖਾਲੀ ਕਰਨ ਲਈ ਕਿਹਾ ਤਾਂ ਕਿ ਮੁੜ ਬਾਰਿਸ਼ ਆਉਣ ’ਤੇ ਕੋਈ ਸਮੱਸਿਆ ਨਾ ਆਵੇ।
ਇਸੇ ਤਰ੍ਹਾਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦੇ ਹੋਏ ਨਿਊ ਮਹਿੰਦਰਾ ਕਲੋਨੀ ਅਤੇ ਛੋਟੀ ਨਦੀ ਕੋਲ ਸਮੀਖਿਆ ਕੀਤੀ। ਇਸ ਦੌਰਾਨ ਵਿਧਾਇਕ ਕੋਹਲੀ ਨੇ ਕਿਹਾ ਕਿ ਜੋ ਇਹ ਬਾਰਿਸ਼ ਦਾ ਪਾਣੀ ਖੜ੍ਹਨ ਦੀ ਸਮੱਸਿਆ ਨਾਲ ਸ਼ਹਿਰ ਵਾਸੀਆਂ ਨੂੰ ਜੂਝਣਾ ਪੈ ਰਿਹਾ ਹੈ ਇਹ ਪਿਛਲੀਆਂ ਸਰਕਾਰਾਂ ਦੀ ਦੇਣ ਹੈ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਹੁਣ ਲੋਕਾਂ ਦੀ ਆਪਣੀ ਸਰਕਾਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵਿਕਾਸ ਕਾਰਜ ਅਜਿਹੇ ਤਰੀਕੇ ਨਾਲ ਕੀਤੇ ਜਾਣਗੇ ਤਾਂ ਕਿ ਪਾਣੀ ਖੜਨ ਦੀ ਸਮੱਸਿਆ ਤੋਂ ਨਿਯਾਤ ਮਿਲ ਜਾਵੇਗੀ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਅਫ਼ਵਾਹ ਉਪਰ ਯਕੀਨ ਨਾ ਕੀਤਾ ਜਾਵੇ ਜੇਕਰ ਕਿਸੇ ਵਿਅਕਤੀ ਨੂੰ ਕੋਈ ਸਮੱਸਿਆ ਜਾਂ ਕਿਸੇ ਤਰ੍ਹਾਂ ਦੀ ਜਾਣਕਾਰੀ ਚਾਹੀਦੀ ਹੈ ਤਾਂ ਉਹ ਪ੍ਰਸ਼ਾਸ਼ਨ ਵੱਲੋਂ ਜਾਰੀ ਹੈਲਪ ਲਾਈਨ ਨੰਬਰ ’ਤੇ ਸੰਪਰਕ ਕਰਨ। ਉਨ੍ਹਾਂ ਨਗਰ ਨਿਗਮ ਦੇ ਸੀਵਰੇਜ਼, ਵਾਟਰ ਸਪਲਾਈ ਅਤੇ ਹੋਰ ਸਬੰਧਤ ਸਟਾਫ ਨੂੰ ਵੀ ਆਦੇਸ਼ ਦਿੱਤੇ ਕਿ ਉਹ ਹਰ ਸਮੇਂ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਿਣ। ਵਿਧਾਇਕ ਨੇ ਕਿਹਾ ਕਿ ਪ੍ਰਸ਼ਾਸ਼ਨ, ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਸਮੁੱਚੇ ਵਲੰਟੀਅਰ ਅਤੇ ਆਗੂ ਤੁਹਾਡੀ ਸੇਵਾ ਲਈ ਪੱਬਾਂ ਭਾਰ ਹਨ। ਕਿਸੇ ਵੀ ਔਖੀ ਘੜੀ ’ਚ ਲੋੜ ਪੈਣ ’ਤੇ ਤੁਰੰਤ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਅਜੀਤ ਸਿੰਘ ਬਾਬੂ, ਰਾਜੇਸ਼ ਕੁਮਾਰ ਰਾਜੂ ਸਾਹਨੀ, ਜਗਤਾਰ ਸਿੰਘ ਤਾਰੀ, ਸਿਮਰਨਪ੍ਰੀਤ ਸਿੰਘ, ਭਵਨ ਪੁਨੀਤ ਸਿੰਘ, ਹਰਮਨ ਸੰਧੂ, ਨਰੇਸ਼ ਕੁਮਾਰ ਕਾਕਾ, ਸਮੇਤ ਹੋਰ ਆਗੂ ਸ਼ਾਮਲ ਸਨ।