- ਮੁੱਖ ਮੰਤਰੀ ਤੇ ਆਪ ਲੀਡਰਸ਼ਿਪ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਸਿਆਸੀ ਮੰਤਵਾਂ ਵਾਸਤੇ ਕੀਤੀ: ਅਰਸ਼ਦੀਪ ਸਿੰਘ ਕਲੇਰ
ਚੰਡੀਗੜ੍ਹ, 11 ਅਪ੍ਰੈਲ 2024: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਐਮ ਪੀ ਸੰਜੇ ਸਿੰਘ ਵੱਲੋਂ ਸਰਕਾਰੀ ਮਸ਼ੀਨਰੀ ਅਤੇ ਰਿਹਾਇਸ਼ ਦੀ ਦੁਰਵਰਤੋਂ ਆਮ ਆਦਮ ਆਦਮੀ ਪਾਰਟੀ (ਆਪ) ਲਈ ਆਉਂਦੀਆਂ ਸੰਸਦੀ ਚੋਣਾਂ ਵਿਚ ਸਿਆਸੀ ਲਾਹਾ ਲੈਣ ਵਾਸਤੇ ਕਰਨ ਦੀ ਸ਼ਿਕਾਇਤ ਭਾਰਤੀ ਚੋਣ ਕਮਿਸ਼ਨ ਨੂੰ ਦਿੱਤੀ ਹੈ।
ਚੋਣ ਕਮਿਸ਼ਨ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਲੀਗਲ ਸੈਲ ਦੇ ਮੁਖੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਐਮ ਪੀ ਸੰਜੇ ਸਿੰਘ ਨੇ ਆਪਣੇ ਸਿਆਸੀ ਅਹੁਦਿਆਂ ਦੀ ਦੁਰਵਰਤੋਂ ਕਰਦਿਆਂ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਇਹਨਾਂ ਨੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਤੇ ਪੰਜਾਬ ਦੇ ਮੀਡੀਆ ਪਲੈਟਫਾਰਮ ਦੀ ਦੁਰਵਰਤੋਂ ਆਪ ਦੇ ਸਿਆਸੀ ਏਜੰਡੇ ਦੇ ਪ੍ਰਚਾਰ ਵਾਸਤੇ ਕੀਤੀ ਹੈ।
ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਮੰਤਰੀਆਂ ਲਈ ਸਿਆਸੀ ਮੀਟਿੰਗ ਆਯੋਜਿਤ ਕੀਤੀ ਜਿਥੇ ਆਉਂਦੀਆਂ ਆਮ ਚੋਣਾਂ ਵਾਸਤੇ ਸਿਆਸੀ ਰਣਨੀਤੀ ਤੈਅ ਕੀਤੀ ਗਈ। ਇਹ ਪ੍ਰਗਟਾਵਾ ਖੁਦ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਮੀਟਿੰਗ ਮਗਰੋਂ ਮੀਡੀਆ ਕੋਲ ਕੀਤਾ ਹੈ ਜਿਸਦੀ ਵੀਡੀਓ ਸ਼ਿਕਾਇਤ ਦੇ ਨਾਲ ਨੱਥੀ ਕੀਤੀ ਗਈ ਹੈ।
ਉਹਨਾਂ ਕਿਹਾ ਕਿ ਇਹ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵਾਸਤੇ ਤੈਅ ਚੋਣ ਜ਼ਾਬਤੇ ਦੀ ਧਾਰਾ 6 ਦੀ ਉਪ ਧਾਰਾ 1 (ਏ), 2 ਅਤੇ 3 ਦੀ ਉਲੰਘਣਾ ਹੈ। ਉਹਨਾਂ ਕਿਹਾ ਕਿ ਸੱਤਾ ਵਿਚ ਰਹਿੰਦਿਆਂ ਸਿਆਸੀ ਲੋਕ ਸਰਕਾਰੀ ਮਸ਼ੀਨਰੀ ਤੇ ਹੋਰ ਪਲੈਟਫਾਰਮਾਂ ਦੀ ਦੁਰਵਰਤੋਂ ਸਰਕਾਰੀ ਖ਼ਜ਼ਾਨੇ ਦੀ ਕੀਮਤ ’ਤੇ ਆਪਣੇ ਸਿਆਸੀ ਪ੍ਰਚਾਰ ਵਾਸਤੇ ਨਹੀਂ ਕਰ ਸਕਦੇ।
ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਸ੍ਰੀ ਭਗਵੰਤ ਮਾਨ ਤੇ ਸ੍ਰੀ ਸੰਜੇ ਸਿੰਘ ਨੇ ਚੋਣ ਜ਼ਾਬਤ ਦੀ ਵਿਵਸਥਾ ਦੀ ਉਲੰਘਣਾ ਕੀਤੀ ਹੈ। ਉਹਨਾਂ ਕਿਹਾ ਕਿ ਚੋਣ ਜ਼ਾਬਤੇ ਦੀ ਇਸ ਉਲੰਘਣਾ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ ਹੈ ਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।