ਚੰਡੀਗੜ੍ਹ, 27 ਮਈ 2023: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੇ ਆਕਾ ਅਰਵਿੰਦ ਕੇਜਰੀਵਾਲ ਦੇ ਕਹਿਣ ’ਤੇ ਨੀਤੀ ਆਯੋਗ ਦੀ ਮੀਟਿੰਗ ਦਾ ਬਾਈਕਾਟ ਕਰਨ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਸਾਰੇ ਮਾਮਲੇ ਵਿਚ ਨੁਕਸਾਨ ਪੰਜਾਬੀਆਂ ਦਾ ਹੋਇਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸਰਦਾਰ ਚਰਨਜੀਤ ਸਿੰਘ ਬਰਾੜ ਨੇ ਅੱਜ ਮੁੱਖ ਮੰਤਰੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਿਆਸੀ ਹਿੱਤਾਂ ਨੂੰ ਪੰਜਾਬੀਆਂ ਨਾਲੋਂ ਪਹਿਲ ਦੇਣ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਨੇ ਮੀਟਿੰਗ ਦਾ ਬਾਈਕਾਟ ਕਰ ਕੇ ਸਿੱਖਿਆ, ਸਿਹਤ, ਹੁਨਰ ਵਿਕਾਸ ਤੇ ਬੁਨਿਆਦੀ ਢਾਂਚੇ ਵਰਗੇ ਅਹਿਮ ਮਾਮਲਿਆਂ ’ਤੇ ਵਿਚਾਰ ਚਰਚਾ ਕਰਨ ਦਾ ਮੌਕਾ ਗੁਆ ਦੇਣ ਦੀ ਜ਼ੋਰਦਾਰ ਨਿਖੇਧੀ ਕੀਤੀ।
ਉਹਨਾਂ ਕਿਹਾ ਕਿ ਆਪ ਸਰਕਾਰ ਦਾਅਵਾ ਕਰ ਰਹੀ ਹੈ ਕਿ ਇਸਦੇ ਪ੍ਰਸ਼ਾਸਕੀ ਮਾਡਲ ਦੇ ਇਹ ਮੁੱਦੇ ਪ੍ਰਮੁੱਖ ਹਨ ਪਰ ਇਸਨੇ ਉਸ ਮੀਟਿੰਗ ਦਾ ਬਾਈਕਾਟ ਕੀਤਾ ਹੈ ਜਿਸ ਵਿਚ ਇਹਨਾਂ ਮਸਲਿਆਂ ’ਤੇ ਚਰਚਾ ਹੋਣੀ ਸੀ।
ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਨੀਤੀ ਆਯੋਗ ਦੀ 8ਵੀਂ ਜਨਰਲ ਕੌਂਸਲ ਮੀਟਿੰਗ ਵਿਚ ਦੇਸ਼ ਦੇ ਵਿਕਾਸ ਲਈ ਪੂਰੇ ਖਾਕੇ ’ਤੇ ਚਰਚਾ ਹੋਈ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਨੂੰ ਇਸ ਟੀਚੇ ਦੀ ਪੂਰਤੀ ਵਾਸਤੇ ਲੋੜੀਂਦੇ ਫੰਡ ਲੈਣ ਲਈ ਮੀਟਿੰਗ ਵਿਚ ਸ਼ਮੂਲੀਅਤ ਕਰਨੀ ਚਾਹੀਦੀ ਸੀ।
ਆਪ ਸਰਕਾਰ ਵੱਲੋਂ ਇਹ ਕਹਿ ਕੇ ਮੀਟਿੰਗ ਦਾ ਬਾਈਕਾਟ ਕਰਨ ਕਿ ਉਸਨੇ ਇਸ ਕਰ ਕੇ ਬਾਈਕਾਟ ਕੀਤਾ ਕਿਉਂਕਿ ਸੂਬੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ, ਦੀ ਗੱਲ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਸਦਾ ਰੋਸ ਨੀਤੀ ਆਯੋਗ ਦੀ ਮੀਟਿੰਗ ਵਿਚ ਜਾ ਕੇ ਕਰਨਾ ਚਾਹੀਦਾ ਸੀ ਤਾਂ ਜੋ ਸੂਬੇ ਨੂੰ ਦਰਪੇਸ਼ ਸਾਰੇ ਮਸਲੇ ਹੱਲ ਹੁੰਦੇ ਨਾ ਕਿ ਇਸਦਾ ਬਾਈਕਾਟ ਕਰਨਾ ਚਾਹੀਦਾ ਸੀ।
ਸਰਦਾਰ ਬਰਾੜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸੂਬੇ ਤੇ ਇਸਦੇ ਅਰਥਚਾਰੇ ਦੇ ਪਹਿਲਾਂ ਹੀ ਹੋਏ ਨੁਕਸਾਨ ਦੀ ਪੂਰਤੀ ਵਾਸਤੇ ਸਰਗਰਮ ਪਹੁੰਚ ਅਪਣਾਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਹੁਣ ਤੱਕ ਪੇਂਡੂ ਵਿਕਾਸ ਫੰਡ (ਆਰ ਡੀ ਐਫ) ਦੇ ਬਕਾਇਆ 3600 ਕਰੋੜ ਰੁਪਏ ਜਾਰੀ ਕਰਨ ਦਾ ਮਾਮਲਾ ਪ੍ਰਧਾਨ ਮੰਤਰੀ ਕੋਲ ਨਹੀਂ ਚੁੱਕਿਆ। ਉਹਨਾਂ ਕਿਹਾ ਕਿ ਇਸੇ ਤਰੀਕੇ ਮੁੱਖ ਮੰਤਰੀ ਨੇ ਬੇਮੌਸਮੀ ਬਰਸਾਤਾਂ ਕਾਰਨ ਕਣਕ ਦੇ ਹੋਏ ਨੁਕਸਾਨ ’ਤੇ ਲਾਏ ਵੈਲਯੂ ਕੱਟ ਦਾ ਮਾਮਲਾ ਵੀ ਨਹੀਂ ਚੁੱਕਿਆ ਤੇ ਨਾਹੀ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਕੀਤਾ ਹੈ। ਉਹਨਾਂ ਕਿਹਾ ਕਿ ਹੋਰ ਵੀ ਪੈਂਡਿੰਗ ਪਏ ਮਸਲੇ ਨੀਤੀ ਆਯੋਗ ਵਿਚ ਜਾ ਕੇ ਚੁੱਕੇ ਜਾ ਸਕਦੇ ਸਨ ਤਾਂ ਜੋ ਇਹ ਹੱਲ ਹੋ ਸਕਦੇ। ਉਹਨਾਂ ਕਿਹਾ ਕਿ ਪੰਜਾਬ ਨੇ ਇਹਨਾਂ ਸਾਰੇ ਮਸਲਿਆਂ ਦੇ ਹੱਲ ਦਾ ਮੌਕਾ ਗੁਆ ਲਿਆ ਹੈ।