ਚੰਡੀਗੜ੍ਹ, 27 ਜੂਨ 2025: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਮੁਤਾਬਕ ਰੁੱਖ਼ ਲਾਓ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਮੁਹਿੰਮ ਤਹਿਤ ਸੂਬੇ ਭਰ ਵਿਚ ਅਗਲੇ ਮਹੀਨੇ ਦੇ ਅੰਤ ਤੱਕ 1.25 ਲੱਖ ਰੁੱਖ਼ ਲਗਾਏ ਜਾਣਗੇ।
ਪਾਰਟੀ ਦੇ ਸੀਨੀਅਰ ਆਗੂਆਂ ਡਾ. ਦਲਜੀਤ ਸਿੰਘ ਚੀਮਾ ਅਤੇ ਸਰਦਾਰ ਹੀਰਾ ਸਿੰਘ ਗਾਬੜੀਆ ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਅਨੇਕਾਂ ਰੁੱਖ਼ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ। ਪਾਰਟੀ ਨੇ ਪਹਿਲਾਂ ਗਰਮ ਲੂੰ ਦੇ ਹਾਲਾਤਾਂ ਦੇ ਚਲਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਮੁਹਿੰਮ ਮੁਲਤਵੀ ਕਰਨ ਦੀ ਪ੍ਰਵਾਨਗੀ ਲਈ ਸੀ ਅਤੇ ਹੁਣ ਮੌਨਸੂਨ ਦੀ ਆਮਦ ਨਾਲ ਇਹ ਮੁਹਿੰਮ ਆਰੰਭ ਕਰ ਦਿੱਤੀ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਨੇ ਸਾਰੇ ਜ਼ਿਲ੍ਹਿਆਂ ਵਿਚ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਆਖਿਆ ਹੈ ਕਿ ਉਹ ਸਾਂਝੀਆਂ ਥਾਵਾਂ ’ਤੇ ਰੁੱਖ਼ ਲਗਾ ਕੇ ਇਸ ਮੁਹਿੰਮ ਨੂੰ ਚਲਾਉਣ ਅਤੇ ਲੋਕਾਂ ਨੂੰ ਵੀ ਆਪੋ ਆਪਣੇ ਘਰਾਂ ਵਿਚ ਤੇ ਦਫਤਰਾਂ ਵਿਚ ਰੁੱਖ਼ ਲਾਉਣ ਲਈ ਪ੍ਰੇਰਿਤ ਕਰਨ। ਉਹਨਾਂ ਕਿਹਾ ਕਿ ਪਾਰਟੀ ਆਪਣੇ ਆਗੂਆਂ ਤੇ ਵਰਕਰਾਂ ਨੂੰ ਇਹ ਵੀ ਆਖੇਗੀ ਕਿ ਉਹ ਬੂਟਿਆਂ ਦੀ ਖਰੀਦ ਕਰ ਕੇ ਇਹਨਾਂ ਦੀ ਵੰਡ ਲਈ ਕੈਂਪ ਵੀ ਲਗਾਉਣ। ਸ਼ੁਰੂਆਤੀ ਪੜਾਅ ਵਿਚ ਇਹਨਾਂ ਬੂਟਿਆਂ ਦੀ ਸੰਭਾਲ ਦੀ ਜ਼ਿੰਮੇਵਾਰੀ ਵਾਲੰਟੀਅਰਜ਼ ਨੂੰ ਸੌਂਪੀ ਜਾਵੇਗੀ।

ਡਾ. ਚੀਮਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਮੰਨਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸਨੂੰ ਸਫਲਤਾ ਨਾਲ ਲਾਗੂ ਕੀਤਾ ਜਾਵੇਗਾ।
ਇਸ ਦੌਰਾਨ ਰੋਪੜ ਅਤੇ ਪਟਿਆਲਾ ਵਿਚ ਵੀ ਰੁੱਖ਼ ਲਾਏ ਜਾਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਅਗਲੇ ਦਿਨਾਂ ਵਿਚ ਮੁਹਿੰਮ ਦੇ ਤੇਜ਼ ਹੋਣ ਦੇ ਆਸਾਰ ਹਨ।
