ਚੰਡੀਗੜ੍ਹ, 2 ਅਪ੍ਰੈਲ 2024 – ਸ਼੍ਰੋਮਣੀ ਅਕਾਲੀ ਦਲ ਦੀ ਭਾਜਪਾ ਨਾਲ ਗਠਜੋੜ ਦੀ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ। ਜਿਸ ਤੋਂ ਬਾਅਦ ਹੁਣ ਦੋਵਾਂ ਪਾਰਟੀਆਂ ਨੇ ਇੱਕਲੇ-ਇਕੱਲੇ ਚੋਣਾਂ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਦੇ ਸਬੰਧ ‘ਚ ਬੀਜੇਪੀ ਵੱਲੋਂ 6 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਜਦਕਿ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ‘ਚ ਅੱਜ ਲਗਾਤਾਰ ਦੂਜੇ ਦਿਨ ਚੰਡੀਗੜ੍ਹ ਵਿੱਚ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ।
ਇਸ ਵਿੱਚ ਉਹ ਪਾਰਟੀ ਆਗੂਆਂ, ਸ਼੍ਰੋਮਣੀ ਕਮੇਟੀ ਮੈਂਬਰਾਂ, ਸਥਾਨਕ ਇੰਚਾਰਜਾਂ ਤੇ ਮੁਖੀਆਂ ਨਾਲ ਮੀਟਿੰਗ ਕਰਨਗੇ। ਮੀਡੀਆ ਦੀਆਂ ਖਬਰਾਂ ਦੇ ਅਨੁਸਾਰ ਕਰੀਬ 7 ਸੀਟਾਂ ‘ਤੇ ਮੰਥਨ ਹੋਵੇਗਾ। ਉਮੀਦ ਹੈ ਕਿ ਅਕਾਲੀ ਦਲ ਇਸ ਹਫਤੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਸਕਦਾ ਹੈ। ਹਾਲਾਂਕਿ ਸੁਖਬੀਰ ਬਾਦਲ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਇਸ ਵਾਰ ਲੋਕ ਸਭਾ ਚੋਣ ਨਹੀਂ ਲੜਨਗੇ। ਇਸ ਸੰਬੰਧੀ ਪਾਰਟੀ ਦੇ ਸੀਨੀਅਰ ਆਗੂ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਜਲਦੀ ਹੀ ਸੂਚੀ ਜਾਰੀ ਕਰ ਦਿੱਤੀ ਜਾਵੇਗੀ।
ਪਰ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਅਕਾਲੀ ਦਲ ਉਮੀਦਵਾਰ ਐਲਾਨਣ ਵਿੱਚ ਕੋਈ ਕਾਹਲੀ ਨਹੀਂ ਦਿਖਾ ਰਿਹਾ। ਪਾਰਟੀ ਦੀ ਕੋਸ਼ਿਸ਼ ਹੈ ਕਿ ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਹੀ ਟਿਕਟਾਂ ਦਿੱਤੀਆਂ ਜਾਣ ਜੋ ਪਾਰਟੀ ਨੂੰ ਜਿੱਤ ਦਿਵਾ ਸਕਣ। ਮਿਲੀ ਜਾਣਕਾਰੀ ਅਨੁਸਾਰ ਹਰ ਸੀਟ ਲਈ ਅਕਾਲੀ ਦਲ ਵੱਲੋਂ ਹਰ 2 ਤੋਂ 3 ਨਾਵਾਂ ‘ਤੇ ਚਰਚਾ ਹੋ ਰਹੀ ਹੈ। ਹੁਸ਼ਿਆਰਪੁਰ, ਗੁਰਦਾਸਪੁਰ ਸਮੇਤ ਕਈ ਹਲਕੇ ਅਜਿਹੇ ਹਨ, ਜਿੱਥੇ ਪਾਰਟੀ ਨੂੰ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਵਾਰ ਵੀ ਪਾਰਟੀ ਇਕ ਪਰਿਵਾਰ ਇਕ ਟਿਕਟ ਦੇ ਫਾਰਮੂਲੇ ‘ਤੇ ਚੱਲ ਰਹੀ ਹੈ।
ਇੱਕ ਪਾਸੇ ਅਕਾਲੀ ਦਲ ਉਮੀਦਵਾਰਾਂ ਦੀ ਭਾਲ ਵਿੱਚ ਜੁਟਿਆ ਹੋਇਆ ਹੈ। ਜਥੇਬੰਦੀ ਨੂੰ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਵਾਰ 5 ਲੱਖ ਵੋਟਰਾਂ ਦੀ ਉਮਰ 18 ਤੋਂ 19 ਸਾਲ ਦੇ ਵਿਚਕਾਰ ਹੈ। ਇਸ ਨੂੰ ਮੁੱਖ ਰੱਖਦਿਆਂ ਅਕਾਲੀ ਦਲ ਵੱਲੋਂ ਵਿੰਗ ਦਾ ਵਿਸਥਾਰ ਕੀਤਾ ਜਾ ਰਿਹਾ ਹੈ।