- ਪਾਲਤੂ ਕੁੱਤੇ ਨੂੰ ਵੀ ਗੋਲੀ ਮਾਰ ਕੀਤਾ ਹਲਾਕ
- ਪਤਨੀ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਦੁੱਧ ਲੈਣ ਲਈ ਗਈ ਸੀ ਬਾਹਰ
ਬਰਨਾਲਾ, 23 ਜੂਨ 2024 – ਬਰਨਾਲਾ ਵਿੱਚ ਅਕਾਲੀ ਆਗੂ ਕੁਲਵੀਰ ਸਿੰਘ ਮਾਨ ਨੇ ਆਪਣੀ ਮਾਂ-ਧੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੇ ਨਾਲ ਹੀ ਅਕਾਲੀ ਆਗੂ ਨੇ ਆਪਣੇ ਕੁੱਤੇ ਨੂੰ ਵੀ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਸ ਦੀ ਪਤਨੀ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਦੁੱਧ ਲੈਣ ਗਈ ਸੀ। ਇਸ ਤੋਂ ਬਾਅਦ ਮਾਨ ਨੇ ਆਪਣੇ ਰਿਵਾਲਵਰ ਨਾਲ ਵਾਰਦਾਤ ਨੂੰ ਅੰਜਾਮ ਦਿੱਤਾ।
ਇਹ ਘਟਨਾ ਸ਼ਨੀਵਾਰ ਸ਼ਾਮ ਬਰਨਾਲਾ ਦੀ ਰਾਮ ਰਾਜ ਕਾਲੋਨੀ ‘ਚ ਵਾਪਰੀ। ਮ੍ਰਿਤਕਾਂ ਦੀ ਪਛਾਣ ਕੁਲਵੀਰ ਸਿੰਘ ਮਾਨ, ਉਸ ਦੀ ਮਾਤਾ ਬਲਵੰਤ ਕੌਰ ਅਤੇ ਬੇਟੀ ਨਿਮਰਤ ਕੌਰ ਵਜੋਂ ਹੋਈ ਹੈ। ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਉਸਦਾ ਪਾਲਤੂ ਕੁੱਤਾ ਭੌਂਕਣ ਲੱਗਾ ਤਾਂ ਕੁਲਵੀਰ ਨੇ ਮਰਨ ਤੋਂ ਪਹਿਲਾਂ ਕੁੱਤੇ ਨੂੰ ਵੀ ਗੋਲੀ ਮਾਰ ਦਿੱਤੀ।
ਅਕਾਲੀ ਆਗੂ ਕੁਲਵੀਰ ਮਾਨ ਨੇ ਅੱਧੇ ਘੰਟੇ ਦੇ ਅੰਦਰ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ। ਉਸ ਦੀ ਪਤਨੀ ਰਮਨਦੀਪ ਕੌਰ ਕੁੱਤੇ ਲਈ ਦੁੱਧ ਲੈਣ ਗਈ ਹੋਈ ਸੀ। ਅੱਧੇ ਘੰਟੇ ਬਾਅਦ ਜਦੋਂ ਉਹ ਘਰ ਪਰਤੀ ਤਾਂ ਉਹ ਪੂਰੀ ਤਰ੍ਹਾਂ ਹੈਰਾਨ ਰਹਿ ਗਈ, ਘਰ ਵਿੱਚ ਚਾਰ ਲਾਸ਼ਾਂ ਪਈਆਂ ਸਨ। ਘਰ ਵਿੱਚ ਇਕੱਠੇ ਚਾਰ ਲਾਸ਼ਾਂ ਦੇਖ ਕੇ ਰਮਨਦੀਪ ਕੌਰ ਰੋਣ ਲੱਗ ਪਈ। ਉਸ ਦੀ ਆਵਾਜ਼ ਸੁਣ ਕੇ ਰਾਮ ਰਾਜ ਕਾਲੋਨੀ ਦੇ ਲੋਕ ਪਹੁੰਚ ਗਏ ਅਤੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਦਾ ਪਤਾ ਲੱਗਦਿਆਂ ਹੀ ਐਸਐਸਪੀ ਸੰਦੀਪ ਮਲਿਕ, ਸੀਆਈਏ ਇੰਚਾਰਜ ਬਲਜੀਤ ਸਿੰਘ ਪੁਲੀਸ ਫੋਰਸ ਸਮੇਤ ਮੌਕੇ ’ਤੇ ਪੁੱਜੇ। ਫੋਰੈਂਸਿਕ ਟੀਮ ਨੇ ਮੌਕੇ ਤੋਂ ਸਬੂਤ ਵੀ ਇਕੱਠੇ ਕੀਤੇ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਭੇਜ ਦਿੱਤਾ ਹੈ।
ਪੁਲੀਸ ਦੀ ਮੁੱਢਲੀ ਪੜਤਾਲ ਅਨੁਸਾਰ ਕੁਲਵੀਰ ਮਾਨ ਰਾਮ ਰਾਜ ਕਲੋਨੀ ਵਿੱਚ ਕੋਠੀ ਨੰਬਰ 353 ਵਿੱਚ ਰਹਿੰਦਾ ਸੀ। ਬੇਟੀ ਨਿਮਰਤ ਕੌਰ ਕੁਝ ਸਮਾਂ ਪਹਿਲਾਂ ਕੈਨੇਡਾ ਤੋਂ ਭਾਰਤ ਆਈ ਸੀ। ਸ਼ਾਮ ਨੂੰ ਆਸ-ਪਾਸ ਰਹਿਣ ਵਾਲੇ ਲੋਕਾਂ ਨੇ ਇਕ ਤੋਂ ਬਾਅਦ ਇਕ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਜਦੋਂ ਲੋਕ ਮੌਕੇ ‘ਤੇ ਪਹੁੰਚੇ ਤਾਂ ਉਥੇ ਕੁਲਵੀਰ ਮਾਨ, ਬਲਵੰਤ ਕੌਰ ਅਤੇ ਨਿਮਰਤ ਕੌਰ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਪਈਆਂ ਸਨ। ਰਿਵਾਲਵਰ ਵੀ ਉਥੇ ਹੀ ਪਿਆ ਸੀ। ਉਸ ਨੇ ਤੁਰੰਤ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ।
ਐਸਐਸਪੀ ਸੰਦੀਪ ਮਲਿਕ ਨੇ ਦੱਸਿਆ ਕਿ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਕਤਲ ਵਿੱਚ ਵਰਤਿਆ ਗਿਆ ਰਿਵਾਲਵਰ ਬਰਾਮਦ ਕਰ ਲਿਆ ਗਿਆ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਅਸਲਾ ਲਾਇਸੈਂਸੀ ਸੀ ਜਾਂ ਨਹੀਂ। ਕਾਰਨਾਂ ਦਾ ਅਜੇ ਤੱਕ ਖੁਲਾਸਾ ਨਹੀਂ ਹੋਇਆ ਹੈ। ਜਲਦੀ ਹੀ ਸਾਰੀ ਘਟਨਾ ਦਾ ਖੁਲਾਸਾ ਹੋ ਜਾਵੇਗਾ।