- ਭਾਜਪਾ ਪੰਜਾਬ ਦੇ ਜਨਰਲ ਸਕੱਤਰ ਰਾਜੇਸ਼ ਬਾਘਾ ਅਤੇ ਭਾਜਪਾ ਆਗੂ ਮਨਜੀਤ ਬਾਲੀ ਨੇ ਦਿੱਤਾ ਅਕਾਲੀ ਦਲ ਨੂੰ ਝਟਕਾ
ਜਲੰਧਰ: 17 ਫਰਵਰੀ 2022 – ਭਾਜਪਾ ਪੰਜਾਬ ਦੇ ਜਨਰਲ ਸਕੱਤਰ ਰਾਜੇਸ਼ ਬਾਘਾ ਅਤੇ ਸੂਬਾ ਭਾਜਪਾ ਦੇ ਕਾਰਜਕਾਰਨੀ ਮੈਂਬਰ ਅਤੇ ਭਾਜਪਾ ਐਸ. ਸੀ. ਮੋਰਚਾ ਦੇ ਸਾਬਕਾ ਸੂਬਾ ਪ੍ਰਧਾਨ ਮਨਜੀਤ ਬਾਲੀ ਦੇ ਯਤਨਾਂ ਸਦਕਾ ਬੀਤੀ 16 ਫਰਵਰੀ ਦੀ ਸ਼ਾਮ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਤਕੜਾ ਝਟਕਾ ਲੱਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਆਗੂ ਜਥੇਦਾਰ ਮਨਜੀਤ ਸਿੰਘ ਬਿੱਲਾ ਸਾਥੀਆਂ ਸਣੇ ਭਾਜਪਾ ਵਿੱਚ ਸ਼ਾਮਲ ਹੋ ਗਏ।
ਜਲੰਧਰ ਭਾਜਪਾ ਦੇ ਮੁੱਖ ਚੋਣ ਦਫ਼ਤਰ ਵਿਖੇ ਭਾਜਪਾ ਪੰਜਾਬ ਦੇ ਸਹਿ ਪ੍ਰਭਾਰੀ ਅਤੇ ਗੁਜਰਾਤ ਤੋਂ ਮੈਂਬਰ ਪਾਰਲੀਮੈਂਟ ਵਿਨੋਦ ਚਾਵੜਾ ਅਤੇ ਭਾਜਪਾ ਪੰਜਾਬ ਦੇ ਜਨਰਲ ਸਕੱਤਰ ਰਾਜੇਸ਼ ਬਾਘਾ ਨੇ ਜਥੇਦਾਰ ਬਿੱਲਾ ਨੂੰ ਪਾਰਟੀ ਵਿਚ ਸ਼ਾਮਲ ਕੀਤਾ ਅਤੇ ਇਸ ਮੌਕੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਭਾਜਪਾ ਨੂੰ ਖਾਸ ਤੌਰ ਤੇ ਜਲੰਧਰ ਦਿਹਾਤੀ ਵਿੱਚ ਭਾਜਪਾ ਨੂੰ ਹੋਰ ਮਜ਼ਬੂਤੀ ਮਿਲੇਗੀ ਜਥੇਦਾਰ ਬਿੱਲਾ ਨੂੰ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਜਥੇਦਾਰ ਬਿੱਲਾ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਕਾਰਨ ਦੱਸਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਮਨੋਰਥ ਅਤੇ ਸਿਧਾਤਾਂ ਤੋਂ ਭਟਕ ਚੁੱਕਾ ਹੈ ਅਤੇ ਹੁਣ ਪਾਰਟੀ ਅੰਦਰ ਮਿਹਨਤਕਸ਼ ਵਰਕਰਾਂ ਦਾ ਦਮ ਘੁੱਟ ਰਿਹਾ ਹੈ ਅਤੇ ਉਹ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀਆਂ ਦੇਸ਼ ਹਿੱਤ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਭਾਜਪਾ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਜਥੇਦਾਰ ਮਨਜੀਤ ਸਿੰਘ ਬਿੱਲਾ ਅਤੇ ਉਨ੍ਹਾਂ ਦੇ ਸਾਥੀਆਂ ਦੇ ਇਸ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਮਨਜੀਤ ਬਾਲੀ ਨੇ ਕਿਹਾ ਕਿ ਬਿੱਲਾ ਜ਼ਮੀਨ ਨਾਲ ਜੁੜੇ ਹੋਏ ਆਗੂ ਹਨ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਅਗਾਂਹ ਵਧੂ ਭੂਮਿਕਾ ਨਿਭਾਉਂਦੇ ਹਨ ਬਾਲੀ ਨੇ ਭਾਜਪਾ ਪਰਿਵਾਰ ਵਿਚ ਆਉਣ ਤੇ ਬਿੱਲਾ ਜੀ ਅਤੇ ਸਾਥੀਆਂ ਦਾ ਸਵਾਗਤ ਕੀਤਾ।
ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਜੋਗੀ ਤੱਲ੍ਹਣ ਭਾਜਪਾ ਮੰਡਲ ਪ੍ਰਧਾਨ ਪਤਾਰਾ, ਅਜੇ ਚੋਪੜਾ, ਸੁਭਾਸ਼ ਸ਼ਰਮਾ, ਸੁਰਿੰਦਰ ਮਹੇ, ਨਰਿੰਦਰ ਪਾਲ ਸਿੰਘ ਢਿੱਲੋਂ, ਹੁਸਨ ਲਾਲ ਬਾਲੀ, ਦੇਸ਼ ਰਾਜ ਜੱਸੀ, ਮਹਿੰਦਰ ਭਗਤ ਆਦਿ ਵੀ ਮੌਜੂਦ ਸਨ।