ਕਪੂਰਥਲਾ, 4 ਜੁਲਾਈ 2022 – 11 ਅਪ੍ਰੈਲ 2016 ਨੂੰ ਵਿਰਾਸਤੀ ਸ਼ਹਿਰ ਕਪੂਰਥਲਾ ਵਿੱਚ ਹੋਏ ਦਿਲ ਦਹਿਲਾ ਦੇਣ ਵਾਲੇ ਜਸਕੀਰਤ ਸਿੰਘ ਜੱਸੀ ਕਤਲ ਕੇਸ ਵਿੱਚ ਛੇ ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਰਕਾਰ ਪਰਿਵਾਰ ਨੂੰ ਇਨਸਾਫ਼ ਮਿਲ ਗਿਆ ਹੈ। ਜ਼ਿਲ੍ਹਾ ਸੈਸ਼ਨ ਜੱਜ ਅਮਰਿੰਦਰ ਸਿੰਘ ਗਰੇਵਾਲ ਦੀ ਅਦਾਲਤ ਨੇ ਸੋਮਵਾਰ ਨੂੰ ਜੱਸੀ ਦੇ ਤਿੰਨ ਕਾਤਲਾਂ ਪਰਵਿੰਦਰ ਸਿੰਘ ਉਰਫ ਸ਼ੈਲੀ ਵਾਸੀ ਸੈਂਟਰਲ ਟਾਊਨ, ਰਾਜਵਿੰਦਰ ਸਿੰਘ ਉਰਫ ਰਾਜਾ ਵਾਸੀ ਹਰਨਾਮ ਨਗਰ ਅਤੇ ਅਰਸ਼ਦੀਪ ਸਿੰਘ ਗਿੱਲ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਸ਼ਹਿਰ ਦੇ ਇਕ ਵੱਡੇ ਉਦਯੋਗਿਕ ਘਰਾਣੇ ਦਾ 14 ਸਾਲਾ ਲੜਕਾ ਜਸਕੀਰਤ ਸਿੰਘ ਉਰਫ ਜੱਸੀ 11 ਅਪ੍ਰੈਲ 2016 ਨੂੰ ਆਪਣੇ ਘਰ ਟਿਊਸ਼ਨਾਂ ਲਈ ਗਿਆ ਸੀ। ਰਸਤੇ ‘ਚ ਉਸ ਨੂੰ ਅਗਵਾ ਕਰ ਲਿਆ ਗਿਆ। ਇਸ ਮਾਮਲੇ ਵਿੱਚ ਅਗਵਾਕਾਰਾਂ ਨੇ ਜਸਕੀਰਤ ਦੇ ਪਰਿਵਾਰ ਤੋਂ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਪਰਿਵਾਰ ਪੈਸੇ ਦੇਣ ਲਈ ਵੀ ਰਾਜ਼ੀ ਹੋ ਗਿਆ ਸੀ ਪਰ ਦੋ ਦਿਨਾਂ ਬਾਅਦ ਜੱਸੀ ਦੀ ਲਾਸ਼ ਤਰਨਤਾਰਨ ਨੇੜੇ ਮਿਲੀ ਸੀ।
ਕਤਲ ਦੇ 26 ਦਿਨ ਬਾਅਦ ਪੁਲਿਸ ਨੇ 3 ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਸੀ। ਮੁੱਖ ਦੋਸ਼ੀ ਜੱਸੀ ਦੇ ਪਰਿਵਾਰ ਦਾ ਮੈਂਬਰ ਸੀ। ਜੱਸੀ ਦੇ ਤਾਇਆ ਜਸਪਾਲ ਸਿੰਘ ਦਾ ਪੁੱਤਰ ਪਰਵਿੰਦਰ ਸਿੰਘ ਉਰਫ ਸ਼ੈਲੀ ਉਸ ਦੇ ਅਗਵਾ ਅਤੇ ਕਤਲ ਦਾ ਮਾਸਟਰ ਮਾਈਂਡ ਨਿਕਲਿਆ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਉਸ ਨੇ ਆਪਣੇ ਦੋ ਸਕੂਲੀ ਦੋਸਤਾਂ ਨਾਲ ਮਿਲ ਕੇ ਜੱਸੀ ਦਾ ਕਤਲ ਕੀਤਾ ਸੀ।

ਪੁਲੀਸ ਅਨੁਸਾਰ ਪਰਵਿੰਦਰ ਸਿੰਘ ਉਰਫ ਸ਼ੈਲੀ ਨੇ ਕਾਫੀ ਸਮਾਂ ਪਹਿਲਾਂ ਕਪੂਰਥਲਾ ਦੀ ਕੈਪਸਨ ਇੰਡਸਟਰੀ ਦੇ ਮਾਲਕ ਬਲਦੇਵ ਸਿੰਘ ਦੇ ਪੋਤੇ 14 ਸਾਲਾ ਜਸਕੀਰਤ ਸਿੰਘ ਉਰਫ ਜੱਸੀ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਉਹ ਆਪਣੇ ਦਾਦਾ ਬਲਦੇਵ ਸਿੰਘ, ਚਾਚਾ ਨਰਿੰਦਰਜੀਤ ਸਿੰਘ ਅਤੇ ਚਾਚਾ ਜੰਗਬੀਰ ਸਿੰਘ ਦੇ ਮੁਕਾਬਲੇ ਪਿਤਾ ਜਸਪਾਲ ਸਿੰਘ ਦੀ ਆਰਥਿਕ ਪਛੜੀ ਹੋਣ ਕਾਰਨ ਜੱਸੀ ਅਤੇ ਉਸਦੇ ਪਰਿਵਾਰ ਨਾਲ ਈਰਖਾ ਕਰਦਾ ਸੀ। ਸ਼ੈਲੀ ਦੇ ਪਿਤਾ ਨੂੰ ਕਾਰੋਬਾਰ ਵਿਚ ਕਾਫੀ ਨੁਕਸਾਨ ਹੋਇਆ ਸੀ। ਉਸਨੇ ਸਭ ਕੁਝ ਵੇਚ ਦਿੱਤਾ ਸੀ। ਬਲਦੇਵ ਆਪਣੇ ਪੁੱਤਰਾਂ ਨਰਿੰਦਰਜੀਤ ਅਤੇ ਜੰਗਬੀਰ ਨਾਲ ਵੱਖ ਰਹਿੰਦਾ ਸੀ ਅਤੇ ਇਕੱਠੇ ਇੰਡਸਟਰੀ ਵੀ ਚਲਾਉਂਦਾ ਸੀ। ਜਸਪਾਲ ਸਿੰਘ ਵੱਖ ਰਹਿੰਦਾ ਸੀ।
ਸ਼ੈਲੀ ਨੇ ਆਪਣੇ ਦੋਸਤਾਂ ਰਾਜਵਿੰਦਰ ਸਿੰਘ ਉਰਫ ਰਾਜਾ ਵਾਸੀ ਹਰਨਾਮ ਨਗਰ ਅਤੇ ਅਰਸ਼ਦੀਪ ਸਿੰਘ ਗਿੱਲ ਵਾਸੀ ਸ਼ਾਲੀਮਾਰ ਐਵੀਨਿਊ ਨੂੰ ਆਪਣੀ ਈਰਖਾ ਬਾਰੇ ਦੱਸਿਆ ਅਤੇ ਜੱਸੀ ਨੂੰ ਅਗਵਾ ਕਰਨ ਅਤੇ ਫਿਰੌਤੀ ਵਜੋਂ 30 ਲੱਖ ਰੁਪਏ ਦੀ ਮੰਗ ਕਰਨ ਦੀ ਯੋਜਨਾ ਬਣਾਈ। ਤਿੰਨਾਂ ਦੋਸਤਾਂ ਨੇ ਇਕ ਪ੍ਰਾਈਵੇਟ ਸਕੂਲ ਤੋਂ 12ਵੀਂ ਜਮਾਤ ਦੇ ਕਾਮਰਸ, ਮੈਡੀਕਲ ਅਤੇ ਨਾਨ ਮੈਡੀਕਲ ਦਾ ਪੇਪਰ ਦਿੱਤਾ ਸੀ। ਸ਼ੈਲੀ ਅਤੇ ਰਾਜਾ ਵਿਦੇਸ਼ ਜਾਣ ਲਈ ਆਈਲੈਟਸ ਦੀ ਕੋਚਿੰਗ ਲੈ ਰਹੇ ਸਨ ਜਦਕਿ ਅਰਸ਼ਦੀਪ ਫਰੀ ਸੀ।
ਸ਼ੈਲੀ ਅਕਸਰ ਆਪਣੇ ਦੋਸਤਾਂ ਨੂੰ ਦੱਸਦਾ ਸੀ ਕਿ ਉਸ ਦੇ ਚਾਚੇ ਕੋਲ ਬਹੁਤ ਪੈਸਾ ਹੈ, ਉਹ 30 ਲੱਖ ਰੁਪਏ ਆਸਾਨੀ ਨਾਲ ਦੇ ਦੇਵੇਗਾ ਅਤੇ ਅਸੀਂ ਤਿੰਨੋਂ ਪੈਸੇ ਵੰਡ ਕੇ ਵਿਦੇਸ਼ ਚਲੇ ਜਾਵਾਂਗੇ। ਇਸ ਇਰਾਦੇ ਨਾਲ ਸ਼ੈਲੀ ਨੇ ਰਾਜਾ ਨੂੰ ਨਾਲ ਲੈ ਕੇ ਆਪਣੇ ਚਾਚੇ ਨਰਿੰਦਰਜੀਤ ਅਤੇ ਜੰਗਬੀਰ ਦੇ ਘਰ ਆਉਣਾ-ਜਾਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਤਿੰਨੋਂ ਮੁਲਜ਼ਮਾਂ ਨੇ ਜਸਕੀਰਤ ਨਾਲ ਚੰਗੇ ਸਬੰਧ ਬਣਾ ਲਏ।
ਪੁਲਿਸ ਅਨੁਸਾਰ ਰਾਜਾ ਬਹੁਤ ਹੀ ਅਪਰਾਧੀ ਮਾਨਸਿਕਤਾ ਵਾਲਾ ਨੌਜਵਾਨ ਸੀ। ਜਸਕੀਰਤ ਕਤਲ ਕਾਂਡ ਦੇ ਵਿਰੋਧ ਵਿੱਚ ਕੱਢੇ ਗਏ ਮੋਮਬੱਤੀ ਮਾਰਚ ਵਿੱਚ ਵੀ ਤਿੰਨੋਂ ਮੁਲਜ਼ਮ ਸਭ ਤੋਂ ਅੱਗੇ ਸਨ ਅਤੇ ਇਸ ਤੋਂ ਬਾਅਦ ਧਰਨੇ ਵਿੱਚ ਵੀ ਸ਼ਾਮਲ ਹੋਏ। ਤਤਕਾਲੀ ਡੀਜੀਪੀ ਸੁਰੇਸ਼ ਅਰੋੜਾ ਦੀਆਂ ਹਦਾਇਤਾਂ ‘ਤੇ ਏਆਈਜੀ ਕਾਊਂਟਰ ਇੰਟੈਲੀਜੈਂਸ ਅਮਰਜੀਤ ਸਿੰਘ ਬਾਜਵਾ, ਡੀਆਈਜੀ ਜਲੰਧਰ ਰੇਂਜ ਰਜਿੰਦਰ ਸਿੰਘ ਅਤੇ ਐਸਐਸਪੀ ਕਪੂਰਥਲਾ ਰਜਿੰਦਰ ਸਿੰਘ ਦੀ ਅਗਵਾਈ ਵਿੱਚ ਗਠਿਤ ਉੱਚ ਪੱਧਰੀ ਐਸਆਈਟੀ ਨੇ ਮਾਮਲੇ ਦੀ ਜਾਂਚ ਕੀਤੀ ਸੀ। ਇਹ ਮਾਮਲਾ ਪਿਛਲੇ ਛੇ ਸਾਲਾਂ ਤੋਂ ਅਦਾਲਤ ਵਿੱਚ ਚੱਲ ਰਿਹਾ ਸੀ।
