ਖੁੱਡੀਆਂ ਵੱਲੋਂ ਅਧਿਕਾਰੀਆਂ ਨੂੰ ਪਟਿਆਲਾ ਦੀ ਨਵੀਂ ਮੱਛੀ ਮੰਡੀ ਵਿਖੇ ਬਣੀਆਂ ਸਾਰੀਆਂ ਦੁਕਾਨਾਂ 30 ਸਤੰਬਰ ਤੱਕ ਅਲਾਟ ਕਰਨ ਦੇ ਨਿਰਦੇਸ਼

  • ਪਟਿਆਲਾ ਦੇ ਘਲੌੜੀ ਵਿਖੇ 4.13 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਮੱਛੀ ਮੰਡੀ ਤਿਆਰ
  • ਕੈਬਨਿਟ ਮੰਤਰੀ ਨੇ ਮੱਛੀ ਪਾਲਣ ਵਿਭਾਗ ਦੇ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ ਅਤੇ ਸਰਕਾਰੀ ਮੱਛੀ ਪੂੰਗ ਫਾਰਮਾਂ ਤੋਂ ਪੂੰਗ ਦੇ ਉਤਪਾਦਨ ਨੂੰ ਹੋਰ ਵਧਾਉਣ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ, 8 ਅਗਸਤ 2024 – ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਪਟਿਆਲਾ ਦੇ ਘਲੌੜੀ ਵਿਖੇ ਸਥਿਤ ਨਵੀਂ ਮੱਛੀ ਮੰਡੀ ਵਿੱਚ ਬਣਾਈਆਂ ਗਈਆਂ ਸਾਰੀਆਂ 20 ਦੁਕਾਨਾਂ ਦੀ 30 ਸਤੰਬਰ ਤੱਕ ਅਲਾਟਮੈਂਟ ਯਕੀਨੀ ਬਣਾਉਣ ਲਈ ਪੰਜਾਬ ਮੰਡੀ ਬੋਰਡ ਨਾਲ ਤਾਲਮੇਲ ਕਰਨ ਲਈ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ।

ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਆਪਣੇ ਦਫ਼ਤਰ ਵਿਖੇ ਮੱਛੀ ਪਾਲਣ ਵਿਭਾਗ ਅਤੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਘਲੌੜੀ ਵਿਖੇ 4.13 ਕਰੋੜ ਰੁਪਏ ਦੀ ਲਾਗਤ ਨਾਲ ਪੰਜ ਏਕੜ ਜ਼ਮੀਨ ਵਿੱਚ ਆਧੁਨਿਕ ਮੱਛੀ ਮੰਡੀ ਦੀ ਉਸਾਰੀ ਮੁਕੰਮਲ ਕਰਵਾਈ ਗਈ ਹੈ। ਆਧੁਨਿਕ ਸਹੂਲਤਾਂ ਨਾਲ ਲੈਸ ਇਹ ਮਾਰਕੀਟ ਮੱਛੀ ਪਾਲਕਾਂ ਅਤੇ ਕਾਰੋਬਾਰ ਲਈ ਸਾਰੀਆਂ ਲੋੜੀਂਦੀਆਂ ਸੇਵਾਵਾਂ ਨੂੰ ਇੱਕ ਥਾਂ ਮੁਹੱਈਆ ਕਰਵਾਉਂਦੀ ਹੈ।

ਉਨ੍ਹਾਂ ਅਧਿਕਾਰੀਆਂ ਨੂੰ ਪਟਿਆਲਾ ਮੱਛੀ ਮੰਡੀ ਵਿੱਚ ਰਿਟੇਲ ਦੁਕਾਨਾਂ ਦੀ ਸਰਬੋਤਮ ਵਰਤੋਂ ਕਰਨ ਲਈ ਅਲਾਟਮੈਂਟ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਲਈ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਉਨ੍ਹਾਂ ਨੇ ਬਠਿੰਡਾ ਅਤੇ ਅੰਮ੍ਰਿਤਸਰ ਦੀਆਂ ਮੱਛੀ ਮੰਡੀਆਂ ਵਿਚਲੀਆਂ ਦੁਕਾਨਾਂ ਦੀ ਵੰਡ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਮੁਕੰਮਲ ਕਰਨ ਲਈ ਵੀ ਕਿਹਾ।

ਕੈਬਨਿਟ ਮੰਤਰੀ ਨੇ ਪਿੰਡ ਕਿੱਲਿਆਂਵਾਲੀ ਵਿੱਚ 10.10 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਸਰਕਾਰੀ ਮੱਛੀ ਪੂੰਗ ਫਾਰਮ ਸਮੇਤ ਹੋਰ ਚੱਲ ਰਹੇ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸਰਕਾਰੀ ਮੱਛੀ ਪੂੰਗ ਫਾਰਮਾਂ ਤੋਂ ਉਤਪਾਦਨ ਨੂੰ ਹੋਰ ਵਧਾਉਣ ਅਤੇ ਪਸਾਰ ਸੇਵਾਵਾਂ ਵਿੱਚ ਸੁਧਾਰ ਲਈ ਹੋਰ ਉਪਰਾਲੇ ਕੀਤੇ ਜਾਣ।

ਵਧੀਕ ਮੁੱਖ ਸਕੱਤਰ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਸ੍ਰੀ ਅਲੋਕ ਸ਼ੇਖਰ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਵਿੱਤੀ ਸਾਲ 2023-24 ਦੌਰਾਨ 43,972 ਏਕੜ ਵਿੱਚ ਮੱਛੀ ਪਾਲਣ ਅਤੇ 1315 ਏਕੜ ਰਕਬੇ ਵਿੱਚ ਝੀਂਗਾ ਪਾਲਣ ਦਾ ਕਾਰੋਬਾਰ ਸ਼ੁਰੂ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ 1,81,188 ਟਨ ਮੱਛੀ ਅਤੇ 2,793 ਟਨ ਝੀਂਗੇ ਦਾ ਉਤਪਾਦਨ ਹੋਇਆ। ਉਨ੍ਹਾਂ ਦੱਸਿਆ ਕਿ ਸਰਕਾਰੀ ਮੱਛੀ ਬੀਜ ਫਾਰਮਾਂ ਤੋਂ 13.90 ਕਰੋੜ ਮੱਛੀ ਬੀਜ ਮੁਹੱਈਆ ਕਰਵਾਏ ਗਏ ਅਤੇ 10,000 ਤੋਂ ਵੱਧ ਵਿਅਕਤੀਆਂ ਨੂੰ ਮੱਛੀ ਪਾਲਣ ਦੇ ਕਿੱਤੇ ਸਬੰਧੀ ਮੁਫ਼ਤ ਸਿਖਲਾਈ ਦਿੱਤੀ ਗਈ।

ਇਸ ਮੀਟਿੰਗ ਵਿੱਚ ਪੰਜਾਬ ਮੰਡੀ ਬੋਰਡ ਦੇ ਸਕੱਤਰ ਮਿਸ ਨੀਲਿਮਾ, ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਵਿਭਾਗ ਦੇ ਜੁਆਇੰਟ ਸਕੱਤਰ ਬਿਕਰਮਜੀਤ ਸਿੰਘ ਸ਼ੇਰਗਿੱਲ, ਡਾਇਰੈਕਟਰ ਮੱਛੀ ਪਾਲਣ ਜਸਵੀਰ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ ਸਤਿੰਦਰ ਕੌਰ ਅਤੇ ਮੱਛੀ ਪਾਲਣ ਵਿਭਾਗ ਦੇ ਹੋਰ ਮੁਲਾਜ਼ਮ ਵੀ ਹਾਜ਼ਰ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਓ.ਟੀ.ਐਸ-3; ਵਿੱਤ ਮੰਤਰੀ ਚੀਮਾ ਵੱਲੋਂ ਕਰ ਅਧਿਕਾਰੀਆਂ ਨੂੰ 16 ਅਗਸਤ ਤੱਕ ਰਹਿੰਦੀਆਂ ਫਰਮਾਂ ਦੁਆਰਾ ਬਕਾਇਆ ਨਿਪਟਾਰਾ ਯਕੀਨੀ ਬਣਾਉਣ ਦੇ ਨਿਰਦੇਸ਼

ਹਰਿਆਣਾ ਦੇ ਸਾਬਕਾ CM ਹੁੱਡਾ ਦੇ ਬਿਆਨ ‘ਤੇ ਮਹਾਵੀਰ ਫੋਗਾਟ ਦਾ ਪਲਟਵਾਰ, ਕਿਹਾ- ਵਿਨੇਸ਼ ਨੂੰ ਰਾਜ ਸਭਾ ਭੇਜਣਾ ਸਿਰਫ਼ ਸਿਆਸੀ ਸਟੰਟ