ਚੰਡੀਗੜ੍ਹ, 10 ਜੁਲਾਈ 2025 – ਪੰਜਾਬ ‘ਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਮਨਜਿੰਦਰ ਸਿੰਘ ਸਿਰਸਾ ਦੇ ਉਸ ਬਿਆਨ ਨੂੰ ਸ਼ਰਮਨਾਕ ਅਤੇ ਨਿੰਦਣਯੋਗ ਦੱਸਿਆ ਹੈ, ਜਿਸ ‘ਚ ਸਿਰਸਾ ਨੇ ਗੈਂਗਸਟਰਾਂ ਦੇ ਹੱਕ ਦੀ ਗੱਲ ਕੀਤੀ ਹੈ। ਅਮਨ ਅਰੋੜਾ ਨੇ ਕਿਹਾ ਕਿ ਜਿਹੜੇ ਲੋਕ ਕੱਪੜਾ ਕਾਰੋਬਾਰੀ ਸੰਜੇ ਵਰਮਾ ਦੇ ਕਤਲ ਲਈ ਜ਼ਿੰਮੇਵਾਰ ਹਨ, ਉਨ੍ਹਾਂ ਦੇ ਹੱਕ ‘ਚ ਸਿਰਸਾ ਦਾ ਬੋਲਣਾ ਇਹ ਸਪੱਸ਼ਟ ਕਰਦਾ ਹੈ ਕਿ ਕਿਸ ਤਰੀਕੇ ਨਾਲ ਭਾਜਪਾ ਆਪਣੇ ਗੈਂਗਸਟਰਾਂ ਨੂੰ ਬਚਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਅੱਜ ਸੰਜੇ ਵਰਮਾ ਦੇ ਪਰਿਵਾਰ ਨਾਲ ਖੜ੍ਹਾ ਹੈ ਪਰ ਮਨਜਿੰਦਰ ਸਿੰਘ ਸਿਰਸਾ, ਭਾਜਪਾ ਅਤੇ ਕੇਂਦਰ ਸਰਕਾਰ ਅੱਜ ਖ਼ਤਰਨਾਕ ਅਪਰਾਧੀਆਂ ਦੇ ਹੱਕ ‘ਚ ਖੜ੍ਹੀ ਦਿਖਾਈ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੂੰ ਇਸ ਦੇ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਪ੍ਰਤਾਪ ਸਿੰਘ ਬਾਜਵਾ ਵਲੋਂ ਵੀਡੀਓ ਨਾਲ ਛੇੜਛਾੜ ਕਰਨ ਨੂੰ ਲੈ ਕੇ ਦਿੱਤੀ ਗਈ ਸ਼ਿਕਾਇਤ ਬਾਰੇ ਬੋਲਦਿਆਂ ਅਮਨ ਅਰੋੜਾ ਨੇ ਕਿਹਾ ਕਿ ਵਿਰੋਧੀ ਧਿਰ ਦੇ ਕੁੱਝ ਆਗੂਆਂ ‘ਜ਼ੁਬਾਨ ਰੋਗ’ ਨਾਂ ਦੀ ਬੀਮਾਰੀ ਤੋਂ ਗ੍ਰਸਤ ਹਨ।
ਉਹ ਪਹਿਲਾਂ ਕੁੱਝ ਕਹਿ ਦਿੰਦੇ ਹਨ ਪਰ ਬਾਅਦ ‘ਚ ਉਨ੍ਹਾਂ ਨੂੰ ਯੂ-ਟਰਨ ਲੈਣਾ ਪੈਂਦਾ ਹੈ। ਜਦੋਂ ਉਕਤ ਆਗੂ ਯੂ-ਟਰਨ ਲੈ ਕੇ ਇਸ ਨੂੰ ਜਸਟੀਫਾਈ ਨਾ ਕਰ ਪਾਉਣ ਤਾਂ ਉਹ ਸਾਡੇ ਵਰਗੇ ਆਗੂਆਂ ਦੀ ਪੁਲਸ ਨੂੰ ਸ਼ਿਕਾਇਤ ਦੇ ਦਿੰਦੇ ਹਨ। ਉਹ ਭਾਵੇਂ 10 ਸ਼ਿਕਾਇਤਾਂ ਲੈ ਕੇ ਜਾਣ, ਜੋ ਉਨ੍ਹਾਂ ਨੇ ਜਨਤਾ ‘ਚ ਕਿਹਾ ਹੈ, ਉਹ ਸਭ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਪੱਸ਼ਟ ਕਰੇ ਕਿ ਉਹ ਅੱਜ ਪੰਜਾਬ ‘ਚ ਗੈਂਗਸਟਰਾਂ ਨਾਲ ਖੜ੍ਹੀ ਹੈ ਜਾਂ ਉਨ੍ਹਾਂ ਪਰਿਵਾਰਾਂ ਨਾਲ ਖੜ੍ਹੀ ਹੈ, ਜਿਨ੍ਹਾਂ ਨਾਲ ਧੱਕਾ ਹੋ ਰਿਹਾ ਹੈ।

