ਚੰਡੀਗੜ੍ਹ, 16 ਅਪ੍ਰੈਲ 2023 – ਅਮਰਨਾਥ ਯਾਤਰਾ ਇਸ ਸਾਲ 1 ਜੁਲਾਈ ਤੋਂ ਸ਼ੁਰੂ ਹੋਵੇਗੀ। ਸਰਕਾਰ ਨੇ ਸ਼ੁੱਕਰਵਾਰ ਨੂੰ ਇਸ ਸੰਬੰਧੀ ਸ਼ਡਿਊਲ ਜਾਰੀ ਕੀਤਾ ਹੈ। ਪਹਿਲਾ ਜੱਥਾ 30 ਜੂਨ ਨੂੰ ਜੰਮੂ ਤੋਂ ਹਰੀ ਝੰਡੀ ਦੇ ਕੇ ਰਵਾਨਾ ਹੋਵੇਗਾ। ਇਸ ਵਾਰ ਯਾਤਰਾ 31 ਅਗਸਤ ਤੱਕ ਜਾਰੀ ਰਹੇਗੀ। ਸਰਕਾਰ ਨੇ ਵੀ ਯਾਤਰਾ ਲਈ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨੇ ਸ਼ੁਰੂ ਕਰ ਦਿੱਤੇ ਹਨ। ਰਜਿਸਟ੍ਰੇਸ਼ਨ 17 ਅਪ੍ਰੈਲ ਤੋਂ ਆਫਲਾਈਨ ਅਤੇ ਔਨਲਾਈਨ ਮੋਡ ਰਾਹੀਂ ਸ਼ੁਰੂ ਹੋਵੇਗੀ।
ਜੰਮੂ-ਕਸ਼ਮੀਰ ਦੇ ਐਲਜੀ ਮਨੋਜ ਸਿਨਹਾ ਨੇ ਕਿਹਾ ਹੈ ਕਿ ਯਾਤਰਾ ਨੂੰ ਸੁਚਾਰੂ ਅਤੇ ਆਸਾਨ ਬਣਾਉਣ ਲਈ ਸਰਕਾਰ ਹਰ ਤਰ੍ਹਾਂ ਦੇ ਪ੍ਰਬੰਧ ਕਰ ਰਹੀ ਹੈ। ਸੂਬੇ ਵਿੱਚ ਆਉਣ ਵਾਲੇ ਸਾਰੇ ਸ਼ਰਧਾਲੂਆਂ ਲਈ ਬਿਹਤਰ ਸਿਹਤ ਸੇਵਾਵਾਂ ਅਤੇ ਹੋਰ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ।
ਤੀਰਥ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਦੂਰਸੰਚਾਰ ਸੇਵਾਵਾਂ ਨੂੰ ਬਿਹਤਰ ਤਰੀਕੇ ਨਾਲ ਸੰਚਾਲਿਤ ਕੀਤਾ ਜਾਵੇਗਾ। ਸ਼ਡਿਊਲ ਜਾਰੀ ਹੋਣ ਤੋਂ ਬਾਅਦ ਯਾਤਰੀਆਂ ਅਤੇ ਭੰਡਾਰਾ ਸੰਚਾਲਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਦੂਜੇ ਪਾਸੇ ਅੱਜ ਤੋਂ ਸਿਵਲ ਹਸਪਤਾਲ ਲੁਧਿਆਣਾ ਵਿੱਚ ਅਮਰਨਾਥ ਯਾਤਰੀਆਂ ਦੀ ਡਾਕਟਰੀ ਜਾਂਚ ਲਈ ਵਿਸ਼ੇਸ਼ ਡਾਕਟਰ ਬੈਠਣਾ ਸ਼ੁਰੂ ਕਰ ਦੇਣਗੇ, ਤਾਂ ਜੋ ਯਾਤਰੀਆਂ ਦੀ ਮੈਡੀਕਲ ਰਜਿਸਟ੍ਰੇਸ਼ਨ ਕੀਤੀ ਜਾ ਸਕੇ।
ਲੰਗਰ ਕਮੇਟੀਆਂ ਨੇ ਅਮਰਨਾਥ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼੍ਰੀ ਅਮਰਨਾਥ ਸੇਵਾ ਸੰਮਤੀ, ਬਾਬਾ ਅਮਰਨਾਥ ਲੰਗਰ ਕਮੇਟੀ ਆਦਿ ਨੇ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। 10 ਜੂਨ ਤੋਂ ਪਹਿਲਗਾਮ, ਬਾਲਟਾਲ ਅਤੇ ਹੋਰ ਥਾਵਾਂ ‘ਤੇ ਲੰਗਰ ਕਮੇਟੀਆਂ ਵੱਲੋਂ ਸ਼ਰਧਾਲੂਆਂ ਨੂੰ ਰਸਦ ਆਦਿ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਗਿਆ ਹੈ। ਸ਼ਰਧਾਲੂਆਂ ਦੀ ਵੱਡੀ ਪੱਧਰ ‘ਤੇ ਸੇਵਾ ਕਰਨ ਲਈ ਪੂਰੇ ਭਾਰਤ ਤੋਂ ਵਿਸ਼ੇਸ਼ ਤੌਰ ‘ਤੇ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ।
ਪਨੀਰ, ਹੈਵੀ ਪੁਲਾਓ, ਫਰਾਈਡ ਰਾਈਸ, ਪੂਰੀ, ਭਟੂਰਾ, ਪੀਜ਼ਾ, ਬਰਗਰ, ਸਟੱਫਡ ਪਰਾਂਠਾ, ਡੋਸਾ, ਸਟੱਫਡ ਬਰੈੱਡ, ਮੱਖਣ ਨਾਲ ਰੋਟੀ, ਕਰੀਮ ਆਧਾਰਿਤ ਭੋਜਨ, ਅਚਾਰ, ਤਲੇ ਹੋਏ ਪਾਪੜ, ਚਟਨੀ, ਨੂਡਲਜ਼, ਕੋਲਡ ਡਰਿੰਕ, ਹਲਵਾ, ਮਠਿਆਈਆਂ, ਖੋਆ , ਚਿਪਸ, ਮੱਠੀ, ਨਮਕੀਨ, ਪਕੌੜੇ, ਸਮੋਸੇ, ਫਰਾਈਡ ਡਰਾਈ ਫਰੂਟਸ ਅਤੇ ਡੀਪ ਫ੍ਰੀਜ਼ ‘ਤੇ ਪਾਬੰਦੀ ਲੱਗ ਸਕਦੀ ਹੈ। ਇਸ ਤੋਂ ਇਲਾਵਾ ਪਿਛਲੇ ਸਾਲ 2022 ਦੀ ਤਰ੍ਹਾਂ ਇਸ ਵਾਰ ਵੀ ਮਾਸਾਹਾਰੀ ਭੋਜਨ, ਤੰਬਾਕੂ, ਗੁਟਖਾ ਅਤੇ ਪਾਨ ਮਸਾਲਾ ਆਦਿ ‘ਤੇ ਸਖਤੀ ਰਹਿਣ ਦੀ ਉਮੀਦ ਹੈ। ਫਿਲਹਾਲ ਲੰਗਰ ਕਮੇਟੀਆਂ ਵੱਲੋਂ ਇਸ ਵਾਰ ਸੰਗਤਾਂ ਨੂੰ ਵਰਤਾਏ ਜਾਣ ਵਾਲੇ ਪਕਵਾਨਾਂ ਸਬੰਧੀ ਵਿਚਾਰਾਂ ਕਰਨ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ।