ਚੰਡੀਗੜ੍ਹ, 8 ਅਕਤੂਬਰ 2023 – ਵਿਸ਼ਵ ਅਤੇ ਭਾਰਤ ਵਿੱਚ ਆਫ਼ਤ ਦੇ ਸਮੇਂ ਵਿੱਚ ਪਹਿਲੇ ਨੰਬਰ ‘ਤੇ ਆਉਣ ਵਾਲੀ ਸਮਾਜ ਸੇਵੀ ਸੰਸਥਾ ਖਾਲਸਾ ਏਡ ਦੇ ਕੌਮੀ ਸੇਵਾਦਾਰ ਅਮਰਪ੍ਰੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਖਾਲਸਾ ਏਡ ਨੇ ਪ੍ਰੈੱਸ ਨੋਟ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇੰਨਾ ਹੀ ਨਹੀਂ ਅਮਰਪ੍ਰੀਤ ਸਿੰਘ ਦੇ ਨਾਲ ਪੰਜਾਬ ਟੀਮ ਨਾਲ ਜੁੜੇ ਲੋਕਾਂ ਵੱਲੋਂ ਵੀ ਆਪੋ-ਆਪਣੇ ਅਹੁਦੇ ਛੱਡਣ ਦੀ ਸੂਚਨਾ ਮਿਲ ਰਹੀ ਹੈ, ਹਾਲਾਂਕਿ ਖਾਲਸਾ ਏਡ ਨੇ ਅਜੇ ਤੱਕ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਅਮਰਪ੍ਰੀਤ ਸਿੰਘ ਨੇ 10 ਸਾਲ ਭਾਰਤ ਵਿੱਚ ਖਾਲਸਾ ਏਡ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਸੇਵਾ ਨਿਭਾਈ ਹੈ। ਪੰਜਾਬ ਅਤੇ ਹੋਰ ਰਾਜਾਂ ਵਿੱਚ ਇਸ ਸਾਲ ਆਏ ਹੜ੍ਹਾਂ ਵਿੱਚ ਸਭ ਤੋਂ ਅੱਗੇ ਰਹਿ ਕੇ ਉਨ੍ਹਾਂ ਨੇ ਰਾਹਤ ਸਮੱਗਰੀ ਮੁਹੱਈਆ ਕਰਵਾਈ ਹੈ। ਪਿਛਲੇ 10 ਸਾਲਾਂ ਤੋਂ ਖਾਲਸਾ ਏਡ ਦੁਆਰਾ ਭਾਰਤ ਅਤੇ ਪੰਜਾਬ ਵਿੱਚ ਕੀਤੇ ਗਏ ਸਾਰੇ ਰਾਹਤ ਅਤੇ ਬਚਾਅ ਕਾਰਜ ਅਮਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਕੀਤੇ ਗਏ ਸਨ।
ਪਰ ਅਚਾਨਕ ਅਮਰਪ੍ਰੀਤ ਸਿੰਘ ਅਤੇ ਪੰਜਾਬ ਟੀਮ ਦੇ ਅਸਤੀਫੇ ਤੋਂ ਬਾਅਦ ਹਲਚਲ ਮਚ ਗਈ ਹੈ। ਖਾਲਸਾ ਏਡ ਜਲਦੀ ਹੀ ਆਪਣੇ ਨਵੇਂ ਨੈਸ਼ਨਲ ਐਮਡੀ ਅਹੁਦੇ ਦੇ ਨਾਮ ਦਾ ਐਲਾਨ ਕਰ ਸਕਦੀ ਹੈ।
ਇਸ ਤੋਂ ਪਹਿਲਾਂ NIA ਨੇ 2 ਅਗਸਤ ਨੂੰ ਸਵੇਰੇ 5 ਵਜੇ ਖਾਲਸਾ ਏਡ ਦੇ ਦਫਤਰ ਅਤੇ ਅਮਰਪ੍ਰੀਤ ਸਿੰਘ ਦੇ ਘਰ ਛਾਪਾ ਮਾਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਸ ਸਮੇਂ ਖਾਲਸਾ ਏਡ ਦੇ ਅਹਿਮ ਦਸਤਾਵੇਜ਼ ਐਨਆਈਏ ਨੇ ਆਪਣੇ ਕਬਜ਼ੇ ਵਿੱਚ ਲੈ ਲਏ ਸਨ। NIA ਦਾ ਉਦੇਸ਼ ਖਾਲਸਾ ਏਡ ਨੂੰ ਫੰਡ ਮੁਹੱਈਆ ਕਰਵਾਉਣ ਵਾਲੇ ਲੋਕਾਂ ਅਤੇ ਫੰਡ ਮੁਹੱਈਆ ਕਰਵਾਉਣ ਦੇ ਤਰੀਕਿਆਂ ਦੀ ਜਾਂਚ ਕਰਨਾ ਸੀ।
ਇਸ ਦੌਰਾਨ ਅਮਰਪ੍ਰੀਤ ਸਿੰਘ ਨੇ ਆਪਣਾ ਪੱਖ ਪੇਸ਼ ਕਰਦਿਆਂ ਸਪੱਸ਼ਟ ਕੀਤਾ ਸੀ ਕਿ ਖਾਲਸਾ ਏਡ ਉਹ ਜਾਣਕਾਰੀ ਦਿੰਦੀ ਰਹੇਗੀ ਜਿਸ ਦੀ NIA ਨੂੰ ਲੋੜ ਹੋਵੇਗੀ। ਇਸ ਛਾਪੇਮਾਰੀ ਦਾ ਪੰਜਾਬ ਵਿਚ ਭਾਰੀ ਵਿਰੋਧ ਹੋਇਆ, ਕਿਉਂਕਿ ਇਹ ਛਾਪੇਮਾਰੀ ਅਜਿਹੇ ਸਮੇਂ ਹੋਈ ਜਦੋਂ ਪੂਰਾ ਪੰਜਾਬ ਹੜ੍ਹਾਂ ਦੀ ਲਪੇਟ ਵਿਚ ਸੀ ਅਤੇ ਖਾਲਸਾ ਏਡ ਵਲੋਂ ਵੱਡੇ ਪੱਧਰ ‘ਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਸੀ। ਦਿੱਲੀ ਬਾਰਡਰ ‘ਤੇ ਕਿਸਾਨਾਂ ਦੇ ਅੰਦੋਲਨ ‘ਚ ਵੀ ਜਥੇਬੰਦੀ ਮਦਦ ਲਈ ਪਹੁੰਚੀ ਸੀ।