ਲੁਧਿਆਣਾ, 22 ਜੁਲਾਈ 2022 – 18 ਜੁਲਾਈ ਨੂੰ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਦੁਸਹਿਰਾ ਗਰਾਊਂਡ ਨੇੜੇ ਕੁੰਦਨਪੁਰੀ ਦੇ ਇੱਕ ਘਰ ਵਿੱਚ 15 ਸਾਲਾ ਨਾਬਾਲਗ ਦੀ ਲਾਸ਼ ਸ਼ੱਕੀ ਹਾਲਾਤਾਂ ਵਿੱਚ ਲਟਕਦੀ ਮਿਲੀ ਸੀ। ਇਸ ਮਾਮਲੇ ਵਿੱਚ ਲੁਧਿਆਣਾ ਪੁਲੀਸ ਨੇ ਐਂਬੂਲੈਂਸ ਚਾਲਕ ਦੇ ਬਿਆਨਾਂ ’ਤੇ 200 ਤੋਂ 250 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਐਂਬੂਲੈਂਸ ਚਾਲਕ ਨੇ ਦੋਸ਼ ਲਾਇਆ ਹੈ ਕਿ ਜਦੋਂ ਉਹ ਲੜਕੀ ਦੀ ਲਾਸ਼ ਲੈ ਕੇ ਕੁੰਦਨਪੁਰੀ ਤੋਂ ਸਿਵਲ ਹਸਪਤਾਲ ਜਾ ਰਿਹਾ ਸੀ ਤਾਂ 200 ਤੋਂ 250 ਵਿਅਕਤੀਆਂ ਨੇ ਉਸ ਦੀ ਗੱਡੀ ’ਤੇ ਹਮਲਾ ਕਰ ਦਿੱਤਾ ਅਤੇ ਪਥਰਾਅ ਕੀਤਾ। ਹਮਲੇ ‘ਚ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਹਮਲਾਵਰਾਂ ਨੇ ਗੱਡੀ ਵਿੱਚੋਂ 3500 ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਚੋਰੀ ਕਰ ਲਏ।
ਸ਼ਿਕਾਇਤਕਰਤਾ ਪ੍ਰਦੀਪ ਸ਼ਰਮਾ ਨੇ ਪੁਲੀਸ ਕੋਲ ਬਿਆਨ ਦਰਜ ਕਰ ਲਏ ਹਨ। ਮੁਲਜ਼ਮਾਂ ਦੀ ਪਛਾਣ ਸੁਮਨ, ਕ੍ਰਿਸ਼ਨਾ, ਸ਼ਾਂਤੀ ਵਜੋਂ ਹੋਈ ਹੈ। ਇਸ ਦੇ ਨਾਲ ਹੀ ਪੁਲਿਸ ਅਣਪਛਾਤੇ ਹਮਲਾਵਰਾਂ ਦੀ ਭਾਲ ਕਰ ਰਹੀ ਹੈ। ਪੁਲੀਸ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਦੱਸ ਦੇਈਏ ਕਿ ਮ੍ਰਿਤਕ ਲੜਕੀ ਉਕਤ ਘਰ ‘ਚ ਸਫਾਈ ਦਾ ਕੰਮ ਕਰਦੀ ਸੀ।
ਸੋਮਵਾਰ ਦੇਰ ਰਾਤ ਪੁਲਸ ਨੇ ਲੜਕੀ ਦੀ ਲਾਸ਼ ਨੂੰ ਜ਼ਬਰਦਸਤੀ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਪੋਸਟਮਾਰਟਮ ਕਰਵਾਇਆ ਗਿਆ ਪਰ ਪਰਿਵਾਰਕ ਮੈਂਬਰਾਂ ਨੇ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ। ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਸੋਮਵਾਰ ਦੇਰ ਰਾਤ ਕਈ ਪੁਲਿਸ ਮੁਲਾਜ਼ਮਾਂ ਨੂੰ ਘੇਰ ਲਿਆ, ਪਰ ਸੁਰੱਖਿਆ ਬਲ ਨੇ ਉਨ੍ਹਾਂ ਨੂੰ ਬਚਾ ਲਿਆ।
ਨੌਜਵਾਨ ਦੇ ਰਿਸ਼ਤੇਦਾਰਾਂ ਅਤੇ ਹੋਰਾਂ ਨੇ ਇਲਾਕੇ ਵਿੱਚ ਹੰਗਾਮਾ ਕਰ ਦਿੱਤਾ ਅਤੇ ਪਥਰਾਅ ਵੀ ਕੀਤਾ। ਪਥਰਾਅ ਦੇ ਜਵਾਬ ‘ਚ ਪੁਲਸ ਨੇ ਵੀ ਲੋਕਾਂ ‘ਤੇ ਲਾਠੀਆਂ ਦੀ ਵਰਖਾ ਕੀਤੀ। ਅੱਜ ਇਸ ਘਟਨਾ ਨੂੰ 4 ਦਿਨ ਬੀਤ ਚੁੱਕੇ ਹਨ ਪਰ ਅੱਜ ਤੱਕ ਪੁਲੀਸ ਕੋਲ ਮਾਮਲਾ ਹੱਲ ਨਹੀਂ ਹੋਇਆ। ਇੱਥੋਂ ਤੱਕ ਕਿ ਪਰਿਵਾਰਕ ਮੈਂਬਰ ਵੀ ਲੜਕੀ ਦੀ ਲਾਸ਼ ਲੈਣ ਲਈ ਤਿਆਰ ਨਹੀਂ ਹਨ।
ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪਿਛਲੇ 4 ਦਿਨਾਂ ਤੋਂ ਘਟਨਾ ਵਾਲੀ ਥਾਂ ‘ਤੇ 50 ਤੋਂ 70 ਦੇ ਕਰੀਬ ਮੁਲਾਜ਼ਮ ਤਾਇਨਾਤ ਹਨ।