- ਕਈ ਆਗੂਆਂ ਨਾਲ ਮੁਲਾਕਾਤ
ਮੋਹਾਲੀ, 4 ਜੁਲਾਈ 2024 – ਸ਼੍ਰੋਮਣੀ ਅਕਾਲੀ ਦਲ ‘ਚ ਸ਼ੁਰੂ ਹੋਈ ਬਗਾਵਤ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਸਰਗਰਮ ਮੋਡ ‘ਚ ਆ ਗਏ ਹਨ। ਇੱਕ ਪਾਸੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਪਾਰਟੀ ਦੇ ਸਾਰੇ ਵਿੰਗਾਂ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ ਹਨ। ਦੂਜੇ ਪਾਸੇ ਹੁਣ ਉਨ੍ਹਾਂ ਨੇ ਵਿਧਾਨ ਸਭਾ ਹਲਕਿਆਂ ਵੱਲ ਰੁਖ਼ ਕਰ ਲਿਆ ਹੈ।
ਜਿੱਥੇ ਉਹ ਪਾਰਟੀ ਆਗੂਆਂ, ਵਲੰਟੀਅਰਾਂ ਅਤੇ ਲੰਮੇ ਸਮੇਂ ਤੋਂ ਪਾਰਟੀ ਨਾਲ ਜੁੜੇ ਪਰਿਵਾਰਾਂ ਨਾਲ ਮੁਲਾਕਾਤ ਕਰ ਰਹੇ ਹਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਹਲਕਾ ਮੋਹਾਲੀ ਪੁੱਜੇ। ਜਿੱਥੇ ਉਹ ਕਈ ਆਗੂਆਂ ਨੂੰ ਮਿਲੇ। ਇਸ ਦੇ ਨਾਲ ਹੀ ਉਨ੍ਹਾਂ ਪਾਰਟੀ ਨੂੰ ਮਜ਼ਬੂਤ ਕਰਨ ਵੱਲ ਕਦਮ ਪੁੱਟੇ।
ਸੁਖਬੀਰ ਸਿੰਘ ਬਾਦਲ ਮੋਹਾਲੀ ਹਲਕੇ ਦੇ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਨਾਲ ਪਿੰਡ ਭਾਗੋ ਮਾਜਰਾ ਵਿੱਚ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਤੇ ਸੀਨੀਅਰ ਆਗੂ ਜਸਵੀਰ ਸਿੰਘ ਦੇ ਘਰ ਗਏ। ਉਸ ਦੀ ਮਾਤਾ ਦਾ ਕੁਝ ਸਮਾਂ ਪਹਿਲਾਂ ਦਿਹਾਂਤ ਹੋ ਗਿਆ ਸੀ। ਉੱਥੇ ਉਨ੍ਹਾਂ ਨੇ ਦੁੱਖ ਪ੍ਰਗਟ ਕੀਤਾ। ਇਸ ਤੋਂ ਬਾਅਦ ਉਹ ਰਾਸ਼ਟਰੀ ਕਬੱਡੀ ਖਿਡਾਰੀ ਪੰਮਾ ਸੋਹਾਣਾ ਦੇ ਘਰ ਗਏ।
ਕੁਝ ਸਮਾਂ ਪਹਿਲਾਂ ਇੱਕ ਹਾਦਸੇ ਵਿੱਚ ਉਸਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਉਹ ਨੌਜਵਾਨ ਅਕਾਲੀ ਆਗੂ ਅਮਨ ਪੂਨੀਆ ਦੇ ਘਰ ਵੀ ਗਏ। ਉਨ੍ਹਾਂ ਨੇ ਉਨ੍ਹਾਂ ਦੀ ਦਾਦੀ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਪਾਰਟੀ ਦਾ ਹਰ ਵੱਡਾ ਤੇ ਛੋਟਾ ਆਗੂ ਉਨ੍ਹਾਂ ਦੇ ਪਰਿਵਾਰ ਦਾ ਮੈਂਬਰ ਹੈ।
ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਪਾਰਟੀ ਅੰਦਰ ਬਗਾਵਤ ਦੀਆਂ ਆਵਾਜ਼ਾਂ ਆਉਣ ਆ ਰਹੀਆਂ ਨੇ ਕਿਉਂਕਿ ਅਕਾਲੀ ਆਗੂ ਅਤੇ ਪਾਰਟੀ ਮੁਖੀ ਦੀ ਪਤਨੀ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਕੋਈ ਵੀ ਚੋਣ ਨਹੀਂ ਜਿੱਤ ਸਕਿਆ। ਇਸ ਤੋਂ ਬਾਅਦ ਪਾਰਟੀ ਨੇ ਚੰਡੀਗੜ੍ਹ ਵਿੱਚ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੈ। ਇਸ ਤੋਂ ਪਹਿਲਾਂ ਵੀ ਸੁਖਬੀਰ ਬਾਦਲ ਦੀ ਲੀਡਰਸ਼ਿਪ ‘ਤੇ ਸਵਾਲ ਚੁੱਕੇ ਗਏ ਸਨ।
ਮੀਟਿੰਗ ਵਿੱਚ ਭਾਵੇਂ ਸਭ ਕੁਝ ਸੁਖਬੀਰ ਦੇ ਹੱਕ ਵਿੱਚ ਰਿਹਾ ਪਰ ਜਲੰਧਰ ਚੋਣਾਂ ਲਈ ਅਕਾਲੀ ਦਲ ਦੇ ਉਮੀਦਵਾਰ ਨੂੰ ਲੈ ਕੇ ਵਿਰੋਧ ਵੀ ਹੋਇਆ। ਉਮੀਦਵਾਰ ਦੀ ਨਾਮਜ਼ਦਗੀ ਤੋਂ ਬਾਅਦ ਇਹ ਸੀਟ ਬਸਪਾ ਨੂੰ ਛੱਡ ਦਿੱਤੀ ਗਈ ਸੀ। ਇਸ ਤੋਂ ਬਾਅਦ ਪਾਰਟੀ ਅੰਦਰ ਚੱਲ ਰਹੀ ਜੰਗ ਸਾਹਮਣੇ ਆ ਗਈ। ਹਾਲਾਂਕਿ, 2019 ਦੀਆਂ ਚੋਣਾਂ ਵਿੱਚ ਪਾਰਟੀ ਦੋ ਸੀਟਾਂ ਜਿੱਤਣ ਵਿੱਚ ਸਫਲ ਰਹੀ ਸੀ।