ਮੁਕਤਸਰ, 4 ਮਈ 2023 – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅੱਜ ਅੰਤਿਮ ਅਰਦਾਸ ਕੀਤੀ ਜਾ ਰਹੀ ਹੈ। ਜੱਦੀ ਪਿੰਡ ਬਾਦਲ ਵਿੱਚ ਕਰਵਾਏ ਸਮਾਗਮ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪੁੱਜੇ। ਗ੍ਰਹਿ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਬਾਦਲ ਦੇ ਪਹੁੰਚਦਿਆਂ ਹੀ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਅਮਿਤ ਸ਼ਾਹ ਨੇ ਕਿਹਾ ਕਿ ਸਾਡੇ ਵਿੱਚੋਂ ਬਾਦਲ ਸਾਹਬ ਦੇ ਜਾਣ ਕਾਰਨ ਹੋਇਆ ਘਾਟਾ ਭਰਨਾ ਮੁਸ਼ਕਲ ਹੈ। ਸਿੱਖਾਂ ਨੇ ਆਪਣਾ ਸਿਪਾਹੀ ਗਵਾਇਆ ਹੈ, ਦੇਸ਼ ਨੇ ਇੱਕ ਭਗਤ ਗਵਾਇਆ ਹੈ। ਕਿਸਾਨਾਂ ਨੇ ਆਪਣਾ ਸੱਚਾ ਹਮ ਦਰਦ ਗੁਆ ਲਿਆ ਹੈ। 70 ਸਾਲਾਂ ਦੇ ਜਨਤਕ ਜੀਵਨ ‘ਚ ਕੋਈ ਦੁਸ਼ਮਣ ਨਾ ਹੋਵੇ ਇਹ ਮੁਸ਼ਕਿਲ ਹੈ ਪਰ ਪ੍ਰਕਾਸ਼ ਸਿੰਘ ਬਾਦਲ ਇਸ ਦੀ ਮਿਸਾਲ ਹਨ।
ਉਨ੍ਹਾਂ ਕਿਹਾ ਕਿ ਮੈਂ ਬਾਦਲ ਸਾਹਬ ਨੂੰ ਕਈ ਵਾਰ ਮਿਲਿਆ ਹਾਂ। ਜਦੋਂ ਵੀ ਮਿਲਿਆ ਮੈਨੂੰ ਕੁਝ ਸਿੱਖਣ ਨੂੰ ਮਿਲਿਆ। ਔਖੇ ਵੇਲੇ ਉਹਨਾਂ ਦੀ ਸਲਾਹ ਲਈ। ਦਲ ਵੱਖਰੇ ਸਨ, ਪਰ ਉਨ੍ਹਾਂ ਨੇ ਉਹੀ ਸੁਝਾਅ ਦਿੱਤਾ ਜੋ ਮੇਰੇ ਦਲ ਲਈ ਵੀ ਸਹੀ ਸੀ। ਅਜਿਹੀ ਪਾਰਦਰਸ਼ਤਾ ਨਾਲ ਕੋਈ ਮਹਾਨ ਵਿਅਕਤੀ ਹੀ ਸੁਝਾਅ ਦੇ ਸਕਦਾ ਹੈ। ਰਿਕਾਰਡ ਦੇ ਆਧਾਰ ‘ਤੇ ਮੈਂ ਕਹਿ ਸਕਦਾ ਹਾਂ ਕਿ ਉਨ੍ਹਾਂ ਨੇ ਨਵੇਂ ਪੰਜਾਬ ਦੀ ਨੀਂਹ ਰੱਖੀ।
ਸੁਖਬੀਰ ਬਾਦਲ ਨਾਲ ਗੱਲ ਹੋ ਰਹੀ ਸੀ ਤਾਂ ਉਨ੍ਹਾਂ ਦੱਸਿਆ ਕਿ ਬਾਦਲ ਸਾਹਿਬ ਨੇ ਹਿੰਦੂ-ਸਿੱਖ ਏਕਤਾ ਲਈ ਕੰਮ ਕੀਤਾ ਹੈ। ਬਾਦਲ ਪਿੰਡ ਵਿੱਚ ਇੱਕ ਮਸਜਿਦ, ਇੱਕ ਮੰਦਰ ਅਤੇ ਇੱਕ ਗੁਰਦੁਆਰਾ ਬਾਦਲ ਸਾਹਿਬ ਦੁਆਰਾ ਬਣਾਇਆ ਗਿਆ ਹੈ। ਅੱਜ ਭਾਈਚਾਰੇ ਦਾ ਆਗੂ ਵਿਦਾ ਹੋ ਗਿਆ ਹੈ।
ਅਮਿਤ ਸ਼ਾਹ ਨੇ ਕਿਹਾ ਕਿ 1970 ਤੋਂ ਲੈ ਕੇ ਅੱਜ ਤੱਕ ਜਦੋਂ ਵੀ ਦੇਸ਼ ਲਈ ਖੜ੍ਹੇ ਹੋਣ ਦਾ ਮੌਕਾ ਮਿਲਿਆ, ਉਹ ਖੜ੍ਹੇ ਹੋਏ। ਉਸ ਨੇ ਸਭ ਤੋਂ ਲੰਬਾ ਸਮਾਂ ਜੇਲ੍ਹ ਵਿੱਚ ਰਹਿ ਕੇ ਇੱਕ ਮਿਸਾਲ ਕਾਇਮ ਕੀਤੀ। ਐਮਰਜੈਂਸੀ ਵਿਚ ਉਹ ਪਹਾੜ ਵਾਂਗ ਖੜ੍ਹੇ ਸੀ। ਉਨ੍ਹਾਂ ਦਾ ਜਾਣਾ ਦੇਸ਼ ਲਈ ਘਾਟਾ ਹੈ।
ਇਸ ਮੁਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਨੇ ਵੀ ਅੰਤਿਮ ਅਰਦਾਸ ਸਮਾਗਮ ਵਿੱਚ ਬੰਦੀ ਸਿੱਖਾਂ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਬਾਦਲ ਸਾਹਬ ਦੀ ਵੀ ਇੱਛਾ ਸੀ ਕਿ ਬੰਦੀ ਸਿੱਖਾਂ ਨੂੰ ਰਿਹਾਅ ਕਰਵਾਇਆ ਜਾਵੇ। ਅੱਜ ਗ੍ਰਹਿ ਮੰਤਰੀ ਸਾਹਮਣੇ ਹਨ, ਇਸ ਲਈ ਉਹ ਇਹ ਮੁੱਦਾ ਉਠਾ ਰਹੇ ਹਨ। ਅੱਜ ਉਨ੍ਹਾਂ ਕੋਲ ਤਾਕਤ ਹੈ, ਇਸ ਲਈ ਉਨ੍ਹਾਂ ਨੂੰ ਬੰਦੀ ਸਿੱਖਾਂ ਲਈ ਕੋਈ ਫੈਸਲਾ ਲੈਣਾ ਚਾਹੀਦਾ ਹੈ।
ਮਨਪ੍ਰੀਤ ਬਾਦਲ ਨੇ ਕਿਹਾ- ਸਵਰਗਵਾਸੀ ਬਾਦਲ ਨੇ ਹਮੇਸ਼ਾ ਰੁੱਸਿਆਂ ਨੂੰ ਮਨਾਇਆ। ਜਦੋਂ ਮੇਰੀ ਸਿਆਸੀ ਦੂਰੀ ਹੋ ਗਈ ਤਾਂ ਬਾਦਲ ਸਾਹਬ ਨੇ ਉਨ੍ਹਾਂ ਨੂੰ ਗਲੇ ਨਾਲ ਲਾਇਆ। ਉਹ ਹਮੇਸ਼ਾ ਪੰਜਾਬ ਨੂੰ ਹਰਿਆ ਭਰਿਆ ਦੇਖਣਾ ਚਾਹੁੰਦਾ ਸੀ। ਉਨ੍ਹਾਂ ਨੇ ਆਪਣੇ ਚਚੇਰੇ ਭਰਾ ਸੁਖਬੀਰ ਬਾਦਲ ਨੂੰ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਲਈ ਕਿਹਾ। ਪ੍ਰਕਾਸ਼ ਸਿੰਘ ਬਾਦਲ ਨੇ ਅਣਥੱਕ ਮਿਹਨਤ ਨਾਲ ਆਪਣੀ ਪੱਗ ਦੀ ਲਾਜ ਰੱਖੀ। ਉਨ੍ਹਾਂ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਵਾਲੇ ਸਾਰਿਆਂ ਦਾ ਧੰਨਵਾਦ ਕੀਤਾ।
ਉਨ੍ਹਾਂ ਤੋਂ ਇਲਾਵਾ ਲੋਕ ਸਭਾ ਸਪੀਕਰ ਓਮ ਬਿਰਲਾ, ਡੇਰਾ ਬਿਆਸ ਮੁਖੀ ਗੁਰਿੰਦਰ ਢਿੱਲੋਂ, ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਅਸਾਮ ਦੇ ਕੈਬਨਿਟ ਮੰਤਰੀ ਆਤਮਾ ਵੋਹਰਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਵੀ ਪਹੁੰਚੇ ਸਨ।