- SSB ਅਤੇ ਨੇਪਾਲ ਸੁਰੱਖਿਆ ਬਲ ਨੇ ਮੀਟਿੰਗ ਕਰਕੇ ਬਣਾਈ ਰਣਨੀਤੀ
ਚੰਡੀਗੜ੍ਹ, 3 ਅਪ੍ਰੈਲ 2023 – ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ 17 ਦਿਨਾਂ ਤੋਂ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਇਨ੍ਹਾਂ 17 ਦਿਨਾਂ ਵਿੱਚ ਅੰਮ੍ਰਿਤਪਾਲ ਸਿੰਘ ਇੱਕ ਵਾਰ ਫਿਰ ਪੰਜਾਬ ਆ ਕੇ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ਹੈ। ਹੁਣ ਪੁਲੀਸ ਨੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀ ਪਪਲਪ੍ਰੀਤ ਦੇ ਪੋਸਟਰ ਮਾਨਸਾ ਦੇ ਚੌਕ ਚੌਰਾਹਿਆਂ ’ਤੇ ਲਗਾ ਦਿੱਤੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਬਾਰੇ ਕੁਝ ਅਹਿਮ ਸੁਰਾਗ ਮਿਲੇ ਹਨ। ਪੁਲਿਸ ਇੱਕ ਵਾਰ ਫਿਰ ਅੰਮ੍ਰਿਤਪਾਲ ਸਿੰਘ ਦੇ ਨੇੜੇ ਆ ਗਈ ਹੈ। ਜਲਦੀ ਹੀ ਉਸ ਨੂੰ ਫੜ ਲਿਆ ਜਾਵੇਗਾ। ਇਨ੍ਹਾਂ ਦਾਅਵਿਆਂ ਦਰਮਿਆਨ ਅੰਮ੍ਰਿਤਪਾਲ ਸਿੰਘ ਦੇ ਯੂਪੀ ਦੇ ਮੇਰਠ ਸ਼ਹਿਰ ਵਿੱਚ ਨਜ਼ਰ ਆਉਣ ਦੀਆਂ ਗੱਲਾਂ ਸਾਹਮਣੇ ਆਈਆਂ ਹਨ। ਦੱਸਿਆ ਗਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਮੇਰਠ ਦੇ ਦੌਰਾਲਾ ਤੋਂ ਆਟੋ ਫੜਿਆ ਸੀ।
ਪੁਲੀਸ ਨੇ ਆਟੋ ਚਾਲਕ ਅਜੈ ਤੋਂ ਘੰਟਿਆਂਬੱਧੀ ਪੁੱਛਗਿੱਛ ਕੀਤੀ। ਅਜੇ ਨੇ ਦੱਸਿਆ ਕਿ ਉਹ ਅੰਮ੍ਰਿਤਪਾਲ ਸਿੰਘ ਨੂੰ ਨਹੀਂ ਜਾਣਦਾ ਸੀ ਪਰ ਉਸ ਨੂੰ ਪੰਜਾਬ ਪੁਲਸ ਦਾ ਫੋਨ ਆਇਆ ਕਿ ਉਸ ਦੇ ਆਟੋ ਵਿਚ ਬੈਠਾ ਵਿਅਕਤੀ ਅੰਮ੍ਰਿਤਪਾਲ ਸਿੰਘ ਹੈ। ਕੁਝ ਦਿਨ ਪਹਿਲਾਂ ਅੰਮ੍ਰਿਤਪਾਲ ਦੋਰਾਲਾ ਵਿੱਚ ਬੈਠਾ ਸੀ ਤੇ ਬੇਗਮਪੁਲ ਨੇੜੇ ਉਤਰਿਆ ਸੀ।
ਅੰਮ੍ਰਿਤਪਾਲ ਸਿੰਘ ਦੇ ਇਕ ਵਾਰ ਫਿਰ ਉੱਤਰ ਪ੍ਰਦੇਸ਼ ‘ਚ ਹੋਣ ਦੀਆਂ ਖਬਰਾਂ ਦਰਮਿਆਨ ਸਰਹੱਦ ‘ਤੇ ਚੌਕਸੀ ਵਧਾ ਦਿੱਤੀ ਗਈ ਹੈ। ਸੀਮਾ ਸੁਰੱਖਿਆ ਬਲ (SSB) ਅਤੇ ਨੇਪਾਲ ਆਰਮਡ ਫੋਰਸ ਦੇ ਅਧਿਕਾਰੀਆਂ ਨੇ ਸਰਹੱਦ ‘ਤੇ ਬੈਠਕ ਕਰਕੇ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਲਈ ਵਿਸ਼ੇਸ਼ ਰਣਨੀਤੀ ਬਣਾਈ ਹੈ।
ਸਿਧਾਰਥ ਨਗਰ ਦੇ ਨਾਲ ਲੱਗਦੀ ਨੇਪਾਲ ਸਰਹੱਦ ‘ਤੇ ਤਾਇਨਾਤ SSB ਅਤੇ ਨੇਪਾਲ ਆਰਮਡ ਫੋਰਸਿਜ਼ ਦੇ ਅਧਿਕਾਰੀਆਂ ਨੇ ਸਰਹੱਦ ‘ਤੇ ਵਿਸ਼ੇਸ਼ ਸਾਵਧਾਨੀ ਵਰਤਦੇ ਹੋਏ ਹਰ ਆਉਣ-ਜਾਣ ਵਾਲੇ ਸ਼ੱਕੀ ਵਿਅਕਤੀ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਹੈ। ਵਾਹਨਾਂ ਦੀ ਚੈਕਿੰਗ ਦੇ ਨਾਲ-ਨਾਲ ਭਾਰਤ ਤੋਂ ਨੇਪਾਲ ਅਤੇ ਨੇਪਾਲ ਤੋਂ ਭਾਰਤ ਆਉਣ ਵਾਲੇ ਟਰੱਕਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।
ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਕੱਕੜਵਾ, ਅਲੀਗੜ੍ਹਵਾ, ਬਾਜਾ, ਖਨੂੰਵਾਨ, ਧਨੌਰਾ ਅਤੇ ਚੈਰੀਗਵਾ ਸਰਹੱਦਾਂ ‘ਤੇ ਹਾਈ ਅਲਰਟ ਐਲਾਨ ਦਿੱਤਾ ਗਿਆ ਹੈ। ਉਹ ਨੇਪਾਲ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਲਈ ਬਾਰਡਰ ‘ਤੇ ਖਾਸ ਸਾਵਧਾਨੀ ਵਰਤੀ ਜਾ ਰਹੀ ਹੈ। SSB 43ਵੀਂ ਕੋਰ ਦੇ ਜਵਾਨਾਂ ਨੇ ਸਰਹੱਦ ‘ਤੇ ਮੁੱਖ ਥਾਵਾਂ ‘ਤੇ ਅੰਮ੍ਰਿਤਪਾਲ ਦੀ ਫੋਟੋ ਲਗਾ ਦਿੱਤੀ ਹੈ।
ਹਿਮਾਚਲ ਵਿਚ ਵੀ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਦੀ ਭਾਲ ਲਈ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਦੌਰਾਨ ਹਮੀਰਪੁਰ ਜ਼ਿਲ੍ਹੇ ਦੀ ਪੁਲੀਸ ਨੇ ਅੰਮ੍ਰਿਤਪਾਲ ਸਿੰਘ ਦੇ ਚਾਰ ਸ਼ੱਕੀ ਸਾਥੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਸ਼ੱਕੀ ਨੌਜਵਾਨਾਂ ਨੂੰ ਦੂਤਸਿੱਧ ਸਥਿਤ ਬਾਬਾ ਬਾਲਕ ਨਾਥ ਮੰਦਰ ਤੋਂ ਸ਼ੱਕ ਦੇ ਆਧਾਰ ‘ਤੇ ਹਿਰਾਸਤ ‘ਚ ਲਿਆ ਗਿਆ ਹੈ। ਇਨ੍ਹਾਂ ਨੌਜਵਾਨਾਂ ਨੂੰ ਬਿਜਹੇੜੀ ਪੁਲੀਸ ਚੌਕੀ ਵਿਖੇ ਰੱਖਿਆ ਗਿਆ ਹੈ, ਜਿੱਥੇ ਉਨ੍ਹਾਂ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲੀਸ ਸੂਤਰਾਂ ਅਨੁਸਾਰ ਅੰਮ੍ਰਿਤਪਾਲ ਦੇ ਇੱਕ ਸਹਾਇਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅੰਮ੍ਰਿਤਪਾਲ ਨੇ ਇਸ ਵਿਅਕਤੀ ਦੇ ਮੋਬਾਈਲ ਤੋਂ ਵੀਡੀਓ ਬਣਾਈ ਸੀ। ਜੋ ਕਿ 29 ਅਤੇ 30 ਮਾਰਚ ਨੂੰ ਰਿਲੀਜ਼ ਹੋਈਆਂ ਸਨ। ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਇਹ ਵੀਡੀਓ ਕਿੱਥੇ ਬਣਾਈ ਗਈ ਸੀ ?
ਉਸ ਨੇ ਇਹ ਵੀਡੀਓ ਕਿਸ ਨੂੰ ਫਾਰਵਰਡ ਕੀਤਾ ? ਇਨ੍ਹਾਂ ਨੂੰ ਇੰਟਰਨੈੱਟ ‘ਤੇ ਕਿਸ ਨੇ ਪਾਇਆ ? ਅੰਮ੍ਰਿਤਪਾਲ ਦੀ ਖੋਜ ‘ਚ ਇਹ ਸਵਾਲ ਬਹੁਤ ਅਹਿਮ ਹੋ ਸਕਦੇ ਹਨ। ਇਹ ਦੋਵੇਂ ਵੀਡੀਓ ਵਿਦੇਸ਼ੀ ਆਈਪੀ ਐਡਰੈੱਸ ਤੋਂ ਇੰਟਰਨੈੱਟ ‘ਤੇ ਅਪਲੋਡ ਕੀਤੇ ਗਏ ਸਨ।
ਅੰਮ੍ਰਿਤਪਾਲ ਦੀ ਵੀਡੀਓ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਹੁਣ ਕੇਂਦਰੀ ਖੁਫੀਆ ਏਜੰਸੀਆਂ ਦੀ ਮਦਦ ਮੰਗੀ ਹੈ। ਅੰਮ੍ਰਿਤਪਾਲ ਨੇ 29-30 ਮਾਰਚ ਨੂੰ ਲਗਾਤਾਰ ਦੋ ਵੀਡੀਓ ਜਾਰੀ ਕੀਤੇ। ਪੁਲਸ ਦੇ ਸਾਈਬਰ ਸੈੱਲ ਨੇ ਜਦੋਂ ਇਨ੍ਹਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਵੀਡੀਓ ਦੁਬਈ, ਕੈਨੇਡਾ, ਯੂ.ਕੇ., ਅਮਰੀਕਾ, ਜਰਮਨੀ, ਆਸਟ੍ਰੇਲੀਆ ਸਮੇਤ ਹੋਰ ਦੇਸ਼ਾਂ ਤੋਂ ਇੰਟਰਨੈੱਟ ‘ਤੇ ਅਪਲੋਡ ਕੀਤੇ ਗਏ ਸਨ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਕੇਂਦਰ ਨਾਲ ਤਾਲਮੇਲ ਕਰਕੇ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਹੈ। ਕੇਂਦਰੀ ਏਜੰਸੀਆਂ ਨੂੰ IP ਐਡਰੈੱਸ ਵੀ ਦਿੱਤੇ ਗਏ ਹਨ।
ਅੰਮ੍ਰਿਤਪਾਲ ਨੂੰ ਫੜਨ ਲਈ ਹੁਸ਼ਿਆਰਪੁਰ, ਜਲੰਧਰ ਅਤੇ ਫਗਵਾੜਾ ਇਲਾਕੇ ‘ਚ ਪੁਲਸ ਕਾਫੀ ਸਰਗਰਮ ਹੈ। ਪੁਲੀਸ ਨੇ ਕਈ ਪਿੰਡਾਂ ਦੀ ਘੇਰਾਬੰਦੀ ਕਰ ਲਈ ਹੈ ਅਤੇ ਆਉਣ-ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਦੂਜੇ ਪਾਸੇ ਪੁਲਿਸ ਅੰਮ੍ਰਿਤਪਾਲ ਸਿੰਘ ਦੇ ਯੂਪੀ ਅਤੇ ਉਤਰਾਖੰਡ ਸਬੰਧਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।