ਫਿਲੌਰ, 25 ਜੁਲਾਈ 2024 – ਸ੍ਰੀ ਖਡੂਰ ਸਾਹਿਬ ਸੀਟ ਤੋਂ ਨਵੇਂ ਚੁਣੇ ਗਏ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਨੂੰ ਫਿਲੌਰ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। 4 ਦਿਨ ਪਹਿਲਾਂ ਰਿਮਾਂਡ ਖਤਮ ਹੋਣ ਤੋਂ ਬਾਅਦ ਹੈਪੀ ਅਤੇ ਲਵਪ੍ਰੀਤ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।
ਬੀਤੇ ਸ਼ਨੀਵਾਰ ਨੂੰ ਅਦਾਲਤ ਨੇ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਲਈ ਮੰਗਲਵਾਰ 23 ਜੁਲਾਈ ਦੀ ਤਰੀਕ ਦਿੱਤੀ ਸੀ। ਪਰ ਮੰਗਲਵਾਰ ਨੂੰ ਵੀ ਲਵਪ੍ਰੀਤ ਸਿੰਘ ਅਤੇ ਹੈਪੀ ਦੀ ਜ਼ਮਾਨਤ ਦੀ ਸੁਣਵਾਈ ਪੂਰੀ ਨਹੀਂ ਹੋ ਸਕੀ। ਅੱਜ ਅਦਾਲਤ ਵਿੱਚ ਦੋਵਾਂ ਧਿਰਾਂ ਦੀ ਸੁਣਵਾਈ ਹੋਈ। ਜਿਸ ਤੋਂ ਬਾਅਦ ਅਦਾਲਤ ਨੇ ਹੈਪੀ ਨੂੰ ਜ਼ਮਾਨਤ ਦੇ ਦਿੱਤੀ ਹੈ।
ਫਿਲੌਰ ਪੁਲਸ ਨੇ 11 ਜੁਲਾਈ ਦੀ ਸ਼ਾਮ ਨੂੰ ਹੈਪੀ ਨੂੰ ਉਸ ਦੇ ਸਾਥੀ ਲਵਪ੍ਰੀਤ ਸਮੇਤ ਫਿਲੌਰ ਹਾਈਵੇਅ ਤੋਂ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਕੋਲੋਂ 4 ਗ੍ਰਾਮ ਆਈਸ ਡਰੱਗ ਬਰਾਮਦ ਹੋਈ। ਹੇਠਲੀ ਅਦਾਲਤ ਤੋਂ ਦੋਵਾਂ ਦਾ ਰਿਮਾਂਡ ਨਾ ਮਿਲਣ ਕਾਰਨ ਪੁਲੀਸ ਨੇ ਵਧੀਕ ਸੈਸ਼ਨ ਜੱਜ ਕੇ.ਕੇ ਜੈਨ ਦੀ ਅਦਾਲਤ ਵਿੱਚ ਫੌਜਦਾਰੀ ਰਿਵੀਜ਼ਨ ਪਟੀਸ਼ਨ ਦਾਇਰ ਕੀਤੀ ਹੈ।
ਜਿਸ ‘ਤੇ ਅੱਜ ਸੁਣਵਾਈ ਹੋਵੇਗੀ। ਇਸ ਦੇ ਨਾਲ ਹੀ ਪੁਲਿਸ ਨੇ ਉਸ ਵਿਅਕਤੀ ਨੂੰ ਵੀ ਜੇਲ੍ਹ ਭੇਜ ਦਿੱਤਾ ਹੈ, ਜਿਸ ਤੋਂ ਹੈਪੀ ਅਤੇ ਲਵਪ੍ਰੀਤ ਨੇ ਨਸ਼ਾ ਖਰੀਦਿਆ ਸੀ। ਇਨ੍ਹਾਂ ਵਿਚ ਆਈਸ ਸਪਲਾਇਰ ਸੰਦੀਪ ਅਰੋੜਾ ਅਤੇ ਸੰਦੀਪ ਦੇ ਫੋਟੋਗ੍ਰਾਫਰ ਦੋਸਤ ਮਨੀਸ਼ ਮਾਰਵਾਹ ਦੇ ਨਾਂ ਸ਼ਾਮਲ ਹਨ।