ਜਲੰਧਰ, 19 ਜੁਲਾਈ 2024 – ਪੰਜਾਬ ਦੇ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਨੂੰ ਅੱਜ ਪੁਲਿਸ ਨੇ ਨਸ਼ਿਆਂ ਦੇ ਇੱਕ ਮਾਮਲੇ ਵਿੱਚ ਜਲੰਧਰ ਸੈਸ਼ਨ ਕੋਰਟ ਵਿੱਚ ਪੇਸ਼ ਕੀਤਾ। ਅਦਾਲਤ ਵੱਲੋਂ ਪੁਲਿਸ ਨੂੰ ਦੋ ਦਿਨ ਦਾ ਰਿਮਾਂਡ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਅੱਜ ਪੁਲੀਸ ਨੇ ਕਰੀਬ 10 ਦਿਨਾਂ ਦਾ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ ਸਿਰਫ਼ 2 ਦਿਨਾਂ ਦਾ ਰਿਮਾਂਡ ਦਿੱਤਾ।
ਹੈਪੀ ਨੂੰ ਫਿਲੌਰ ਪੁਲਸ ਨੇ 11 ਜੁਲਾਈ ਦੀ ਸ਼ਾਮ ਨੂੰ ਉਸ ਦੇ ਸਾਥੀ ਲਵਪ੍ਰੀਤ ਸਮੇਤ ਫਿਲੌਰ ਹਾਈਵੇਅ ਤੋਂ ਫੜਿਆ ਸੀ। ਉਨ੍ਹਾਂ ਕੋਲੋਂ 4 ਗ੍ਰਾਮ ICE ਡਰੱਗ ਬਰਾਮਦ ਹੋਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਹੈਪੀ ਅਤੇ ਲਵਪ੍ਰੀਤ ਆਪਣੀ ਕ੍ਰੇਟਾ ਕਾਰ ਵਿੱਚ ਹੈਬੋਵਾਲ, ਲੁਧਿਆਣਾ ਦੇ ਰਹਿਣ ਵਾਲੇ ਸੰਦੀਪ ਤੋਂ 10,000 ਰੁਪਏ ਦੀ ਆਈਸ ਡਰੱਗ ਲੈ ਕੇ ਆਏ ਸਨ। ਪੁਲਿਸ ਨੇ ਸੰਦੀਪ ਨੂੰ ਵੀ ਫੜ ਲਿਆ ਸੀ। ਇਸ ਸਬੰਧੀ ਐਸਐਸਪੀ ਅੰਕੁਲ ਗੁਪਤਾ ਦਾ ਕਹਿਣਾ ਸੀ ਕਿ ਪੁਲੀਸ ਨੇ ਰੁਟੀਨ ਚੈਕਿੰਗ ਦੌਰਾਨ ਦੋਵਾਂ ਨੂੰ ਫਿਲੌਰ ਹਾਈਵੇਅ ਤੋਂ ਕਾਬੂ ਕੀਤਾ ਸੀ। ਕਾਲੇ ਸ਼ੀਸ਼ੇ ਵਾਲੀ ਚਿੱਟੇ ਰੰਗ ਦੀ ਕ੍ਰੇਟਾ ਕਾਰ ਵਿੱਚ ਬੈਠ ਕੇ ਦੋਵੇਂ ਨਸ਼ੇ ਕਰਨ ਦੀ ਤਿਆਰੀ ਕਰ ਰਹੇ ਸਨ। ਮੁਲਜ਼ਮਾਂ ਕੋਲ ਲਾਈਟਰ ਅਤੇ ਫੋਇਲ ਸੀ।