- ਅੰਮ੍ਰਿਤਪਾਲ ਸਿੰਘ ਨੂੰ ਹਲਫ ਦਿਵਾਉਣ ਵੇਲੇ ਬੇਵਜਾ ਕੀਤਾ ਗਿਆ ਹੈ ਤੰਗ ਪਰੇਸ਼ਾਨ – ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ, 7 ਲਈ 2024 – ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਥਿਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਥਾ ਕਰਨ ਪਹੁੰਚੇ, ਇਸ ਦੌਰਾਨ ਉਹਨਾਂ ਨੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਵੀ ਕੀਤੀ।
ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਜੋ ਪਿਛਲੇ ਦਿਨੀ ਅੰਮ੍ਰਿਤਪਾਲ ਦੀ ਮਾਤਾ ਦਾ ਬਿਆਨ ਆਇਆ ਸੀ ਸਾਨੂੰ ਉਸ ਬਿਆਨ ਵੱਲ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ। ਅਸੀਂ ਸਿੱਖੀ ਲਈ ਕੰਮ ਕਰ ਰਹੇ ਹਾਂ ਤੇ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਹੀ ਕੰਮ ਕਰਦੇ ਰਹਾਂਗੇ। ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਇਸ ਸਮੇਂ ਪੰਜਾਬ ਦੇ ਹਾਲਾਤ ਚੱਲ ਰਹੇ ਹੈ ਜਿਸ ਤਰੀਕੇ ਪੰਜਾਬ ਚ ਨਸ਼ਾ ਵੱਧ ਰਿਹਾ ਹੈ, ਲੁੱਟਾਂ ਖੋਹਾਂ ਵੱਧ ਰਹੀਆਂ, ਸਾਨੂੰ ਉਸ ਨੂੰ ਕੰਟਰੋਲ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਅੱਜ ਉਹਨਾਂ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਹੈ ਅਤੇ ਸਿੱਖੀ ਦੇ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ।
ਦੂਜੇ ਪਾਸੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਾਣ ਬੁਝ ਕੇ ਕੇਂਦਰ ਸਰਕਾਰ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਡੈਮੋਕਰੇਸੀ ਦੇ ਵਿੱਚ ਰਹਿੰਦੇ ਹੋਏ ਵੱਡੀ ਲੀਡ ਦੇ ਨਾਲ ਹਲਕਾ ਖਡੂਰ ਸਾਹਿਬ ਤੋਂ ਜਿੱਤੇ ਹਨ ਅਤੇ ਜਿਸ ਤਰੀਕੇ ਉਹਨਾਂ ਨੂੰ ਹਲਫ ਦਵਾਇਆ ਗਿਆ ਹੈ। ਇਹ ਡੈਮੋਕਰੇਸੀ ਦਾ ਵੀ ਘਾਣ ਹੈ ਕਿ ਪਰਿਵਾਰ ਦੇ ਨਾਲ ਵੀ ਅੰਮ੍ਰਿਤਪਾਲ ਸਿੰਘ ਨੂੰ ਮੁਲਾਕਾਤ ਚੰਗੀ ਤਰੀਕੇ ਨਹੀਂ ਕਰਨ ਦਿੱਤੀ ਗਈ ਜੋ ਕਿ ਮਾੜੀ ਗੱਲ ਹੈ।
ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਇੰਗਲੈਂਡ ਦੀ ਧਰਤੀ ਤੇ 10 ਸਿੱਖ ਪਾਰਲੀਮੈਂਟ ਚ ਜਿੱਤੇ ਹਨ ਜਿਸ ਦਾ ਕਿ ਪੂਰੀ ਸਿੱਖ ਕੌਮ ਨੂੰ ਮਾਣ ਹੈ। ਲੁਧਿਆਣੇ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਿਸੇ ਵੀ ਧਰਮ ਤੇ ਗਲਤ ਬੋਲਣਾ ਸ਼ੋਭਾ ਨਹੀਂ ਦਿੰਦਾ। ਇਸ ਦੇ ਨਾਲ ਹੀ ਦਲ ਖਾਲਸਾ ਦੇ ਸਰਪ੍ਰਸਤ ਭਾਈ ਗਜਿੰਦਰ ਸਿੰਘ ਦੇ ਅਕਾਲ ਚਲਾਨੇ ਤੇ ਵੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।