ਮੋਗਾ, 23 ਅਪ੍ਰੈਲ 2023 – ਪਿਛਲੇ ਕਾਫੀ ਦਿਨਾਂ ਤੋਂ ਫਰਾਰ ਚੱਲ ਰਹੇ ਅੰਮ੍ਰਿਤਪਾਲ ਸਿੰਘ ਨੂੰ ਅੱਜ ਮੋਗਾ ਜ਼ਿਲੇ ਦੇ ਪਿੰਡ ਰੋਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਅੰਮ੍ਰਿਤਪਾਲ ‘ਤੇ NSA ਲਗਾ ਕੇ ਉਸ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਅੰਮ੍ਰਿਤਪਾਲ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜ ਦਿੱਤਾ ਜਾਵੇਗਾ। ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਪੰਜਾਬ ਪੁਲਿਸ ਦੀ ਤਰਫੋਂ ਟਵੀਟ ਕਰਕੇ ਕੀਤੀ ਗਈ ਹੈ।
ਪੰਜਾਬ ਪੁਲਿਸ ਨੇ ਇੱਕ ਟਵੀਟ ਵਿੱਚ ਕਿਹਾ, ‘ਅਮ੍ਰਿਤਪਾਲ ਸਿੰਘ ਨੂੰ ਅੱਜ ਮੋਗਾ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਨਾਗਰਿਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਅਤੇ ਕਿਸੇ ਵੀ ਤਰ੍ਹਾਂ ਦੀਆਂ ਝੂਠੀਆਂ ਖ਼ਬਰਾਂ ਨੂੰ ਸਾਂਝਾ ਨਾ ਕਰਨ ਦੀ ਹਦਾਇਤ ਕੀਤੀ ਹੈ।
ਉੱਥੇ ਹੀ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਸਰੰਡਰ ਕਰਨ ਤੋਂ ਪਹਿਲਾਂ ਗੁਰਦੁਆਰਾ ਜਨਮ ਅਸਥਾਨ ਖਾਲਸਾ ਪਿੰਡ ਰੋਡੇ ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਕ ਮਹੀਨਾ ਪਹਿਲਾਂ ਹਕੂਮਤ ਨੇ ਸਿੱਖਾਂ ’ਤੇ ਜ਼ਬਰ ਢਾਹਿਆ। ਉਹਨਾਂ ਕਿਹਾ ਕਿ ਸਰੰਡਰ ਦੇ ਕਈ ਤਰੀਕੇ ਸਨ ਪਰ ਇਕ ਮਹੀਨੇ ਵਿਚ ਹਕੂਮਤ ਦਾ ਚੇਹਰਾ ਸਾਰੀ ਦੁਨੀਆਂ ਸਾਹਮਣੇ ਨੰਗਾ ਹੋ ਗਿਆ ਹੈ ਕਿ ਕਿਵੇਂ ਸਿੱਖ ਨੌਜਵਾਨਾਂ ’ਤੇ ਝੂਠੇ ਪਰਚੇ ਦਿੱਤੇ ਗਏ। ਉਸਨੇ ਕਿਹਾ ਕਿ ਉਸ ਅਕਾਲ ਪੁਰਖ ਦੀ ਕਚਹਿਰੀ ਵਿਚ ਅਸੀਂ ਦੋਸ਼ੀ ਨਹੀਂ, ਦੁਨੀਆਵੀ ਕਚਹਿਰੀ ਵਿਚ ਦੋਸ਼ੀ ਹੋ ਸਕਦੇ ਹਾਂ।
ਇਕ ਮਹੀਨੇ ਬਾਅਦ ਅਸੀਂ ਫੈਸਲਾ ਕੀਤਾਹੈ ਕਿ ਇਸ ਧਰਤੀ ’ਤੇ ਲੜੇ ਹਾਂ ਤੇ ਇਸ ਧਰਤੀ ’ਤੇ ਲੜਾਂਗੇ। ਜਿਹੜੇ ਝੂਠੇ ਕੇਸ ਸਾਡੇ ’ਤੇ ਪਏ ਹਨ, ਇਹਨਾਂ ਦਾ ਸਾਹਮਣਾ ਅਦਾਲਤਾਂ ਵਿਚ ਕਰ ਲਵਾਂਗੇ। ਉਹਨਾਂ ਕਿਹਾ ਕਿ ਸੰਗਤਾਂ ਦੀਆਂ ਅਰਦਾਸਾਂ ਤੋਂ ਬਿਨਾਂ ਇੰਨੀ ਸੁਰੱਖਿਆ ਵਿਚੋਂ ਲੰਘ ਜਾਣਾ ਸੰਭਵ ਨਹੀਂ ਸੀ ਹੈ ਤੇ ਨਾ ਹੀ ਸੰਗਤਾਂ ਦੀਆਂ ਅਰਦਾਸਾਂ ਤੋਂ ਬਿਨਾਂ ਇਕ ਮਹੀਨਾ ਰੂਪੋਸ਼ ਹੋਣਾ ਸੰਭਵ ਸੀ। ਉਹਨਾਂ ਕਿਹਾ ਕਿ ਗ੍ਰਿਫਤਾਰੀ ਅੰਤ ਨਹੀਂ ਬਲਕਿ ਸ਼ੁਰੂਆਤ ਹੈ।
ਉਹਨਾਂ ਕਿਹਾ ਕਿ ਜੋ ਝੂਠ ਦਾ ਪੁਲੰਦਾ ਸਾਡੇ ਖਿਲਾਫ ਸਿਰਜਿਆ ਗਿਆ, ਇਸਨੂੰ ਸਤਿਗੁਰੂ ਛੇਤੀ ਭੰਨਣਗੇ ਤੇ ਫਿਰ ਅਸੀਂ ਸੰਗਤਾਂ ਵਿਚ ਵਿਚਰਾਂਗੇ। ਜਿਹੜੀ ਖਾਲਸਾ ਵਹੀਰ ਅਸੀਂ ਸ਼ੁਰੂ ਕੀਤੀ ਹੈ, ਉਹ ਦੁਬਾਰਾਾ ਆਰੰਭਾਂਗੇ। ਉਹਨਾਂ ਕਿਹਾ ਕਿ ਅੰਮ੍ਰਿਤ ਸੰਚਾਰ ਮੁਹਿੰਮ ਤੋਂ ਔਖੇ ਹੋ ਕੇ ਹਕੂਮਤ ਨੇ ਜ਼ਬਰ ਢਾਹਿਆ ਹੈ। ਉਹਨਾਂ ਕਿਹਾ ਕਿ ਜੇਕਰ ਨੌਜਵਾਨ ਅੰਮ੍ਰਿਤ ਸੰਚਾਰ ਮੁਹਿੰਮ ਜਾਰੀ ਰੱਖਣ ਤਾਂ ਫਿਰ ਹਕੂਮਤ ਸਾਨੂੰ ਨਹੀਂ ਹਰਾ ਸਕਦੀ। ਉਹਨਾਂ ਕਿਹਾ ਕਿ ਸਾਡੇ ਵਰਗੇ ਹਜ਼ਾਰਾਂ ਆਉਣਗੇ, ਹਜ਼ਾਰਾਂ ਜਾਣਗੇ ਪਰ ਅੰਮ੍ਰਿਤ ਸੰਚਾਰ ਜਾਰੀ ਰਹਿਣਾ ਚਾਹੀਦੀ ਹੈ।