ਅੰਮ੍ਰਿਤਸਰ, 31 ਜੁਲਾਈ 2022 – ਆਖ਼ਰ ਅੰਮ੍ਰਿਤਸਰ ਪੁਲਿਸ ਹੁਣ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਰਿਮਾਂਡ ‘ਤੇ ਲੈ ਸਕਦੀ ਹੈ। ਇਹ ਮਾਮਲਾ ਹੈ ਰਾਣਾ ਕੰਦੋਵਾਲੀਆ ਦੇ ਕਤਲ ਦਾ ਹੈ। ਇਸ ਤੋਂ ਪਹਿਲਾਂ ਗੈਂਗਸਟਰ ਜੱਗੂ ਭਗਵਾਨਪੁਰੀਆ ਨੇ ਰਾਣਾ ਕੰਦੋਵਾਲੀਆ ਕਤਲ ਮਾਮਲੇ ‘ਚ ਅੰਮ੍ਰਿਤਸਰ ਪੁਲਿਸ ਤੋਂ ਐਨਕਾਊਂਟਰ ਦਾ ਖਦਸ਼ਾ ਦੱਸਦੇ ਹੋਏ ਹਾਈਕੋਰਟ ‘ਚ ਪਟੀਸ਼ਨ ਦਾਖਲ ਕੀਤੀ ਸੀ ਅਤੇ ਅੰਮ੍ਰਿਤਸਰ ਪੁਲਿਸ ਨੂੰ 23 ਅਗਸਤ ਤਕ ਜੱਗੂ ਦਾ ਰਿਮਾਂਡ ਲੈਣ ‘ਤੇ ਸਟੇਅ ਆਰਡਰ ਦਿੱਤਾ ਸੀ।
ਪਰ ਪੰਜਾਬ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਸਿੱਧੂ ਮੂਸੇਵਾਲਾ ਕੇਸ ‘ਚ ਨਾਮਜ਼ਦ ਕਰਕੇ ਉਸ ਦਾ ਰਿਮਾਂਡ ਲੈ ਲਿਆ ਸੀ। ਜਿਸ ਤੋਂ ਬਾਅਦ ਜੱਗੂ ਭਗਵਾਨਪੁਰੀਆ ਲਗਾਤਾਰ ਪੰਜਾਬ ਪੁਲਿਸ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਰਿਮਾਂਡ ‘ਤੇ ਹੈ ਤੇ ਮਾਨਸਾ, ਅੰਮ੍ਰਿਤਸਰ ਦਿਹਾਤੀ ਤੇ ਗੁਰਦਾਸਪੁਰ ਪੁਲਿਸ ਉਸ ਕੋਲੋਂ ਪੁੱਛਗਿੱਛ ਕਰ ਰਹੀ ਹੈ।
ਹੁਣ ਜੱਗੂ ਕਿਉਂਕਿ ਪੰਜਾਬ ਪੁਲਿਸ ਦੀ ਹਿਰਾਸਤ ‘ਚ ਹੈ ਤਾਂ ਅਜਿਹੇ ‘ਚ ਜੱਗੂ ਭਗਵਾਨਪੁਰੀਆ ਨੇ ਆਪਣੀ ਪਟੀਸ਼ਨ ਵਾਪਸ ਲੈ ਲਈ ਹੈ ਤੇ ਅੰਮ੍ਰਿਤਸਰ ਪੁਲਿਸ ਨੂੰ ਜੱਗੂ ਦਾ ਰਾਣਾ ਕੰਦੋਵਾਲੀਆ ਮਾਮਲੇ ‘ਚ ਰਿਮਾਂਡ ਲੈਣ ਦਾ ਰਾਹ ਖੁੱਲ੍ਹ ਗਿਆ ਹੈ। ਹਾਲਾਂਕਿ ਅੰਮ੍ਰਿਤਸਰ ਪੁਲਿਸ ਵੀ ਹਾਈਕੋਰਟ ‘ਚ ਜਵਾਬ ਪੇਸ਼ ਕਰਨ ਜਾ ਰਹੀ ਸੀ ਪਰ ਜੱਗੂ 11 ਦਿਨਾਂ ਤੋਂ ਗੁਰਦਾਸਪੁਰ ਪੁਲਿਸ ਦੀ ਹਿਰਾਸਤ ਹੈ। ਅੱਜ ਗੁਰਦਾਸਪੁਰ ਦੇ ਡਿਊਟੀ ਮੈਜਿਸਟ੍ਰੇਟ ਜੇਕਰ ਜੱਗੂ ਦਾ ਟਰਾਂਜਿਟ ਰਿਮਾਂਡ ਦੇ ਦਿੰਦੇ ਹਨ ਤੇ ਅੰਮ੍ਰਿਤਸਰ ‘ਚ ਆਖਰਕਾਰ ਰਾਣਾ ਕੰਦੋਵਾਲੀਆ ਕਤਲ ਮਾਮਲੇ ‘ਚ ਅੰਮ੍ਰਿਤਸਰ ਪੁਲਿਸ ਜੱਗੂ ਕੋਲੋਂ ਪੁੱਛਗਿੱਛ ਕਰ ਸਕੇਗੀ। ਜੱਗੂ ਤੋਂ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਈ ਕੋਲੋਂ ਅੰਮ੍ਰਿਤਸਰ ਪੁਲਿਸ ਪਹਿਲਾਂ ਹੀ ਇਸ ਮਾਮਲੇ ‘ਚ ਪੁੱਛਗਿੱਛ ਕਰ ਚੁੱਕੀ ਹੈ।