ਅੰਮ੍ਰਿਤਸਰ, 17 ਸਤੰਬਰ 2022 – ਅੰਮ੍ਰਿਤਸਰ ਪੁਲਿਸ ਵੱਲੋਂ ਸ਼ਹਿਰ ‘ਚ ਨਸ਼ੇ ਦੀ ਸਪਾਲਈ ਨੂੰ ਤੋੜਨ ਅਤੇ ਨਸ਼ਾ ਤਸਕਰਾਂ ‘ਤੇ ਕਾਰਵਾਈ ਆਰੰਭੀ ਹੋਈ ਹੈ ਜਿਸ ਦੇ ਤਹਿਤ ਪੁਲਿਸ ਵੱਲੋਂ ਸ਼ਹਿਰ ਵਿੱਚ ਵਧ ਰਹੇ ਨਸ਼ੇ ਤੇ ਅਪਰਾਧਕ ਘਟਨਾਵਾਂ ਤੋਂ ਬਾਅਦ ਵੱਡੇ ਪੱਧਰ ਤੇ ਸਰਚ ਆਪ੍ਰੇਸ਼ਨ ਵਿੱਢਿਆ ਹੋਇਆ ਹੈ ਜਿਸ ਦੀ ਨਿਗਰਾਨੀ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਕਰ ਰਹੇ ਹਨ।
ਬੀਤੇ ਦਿਨ ਪੁਲਿਸ ਵੱਲੋਂ ਅੰਮ੍ਰਿਤਸਰ ਜਿਲ੍ਹੇ ‘ਚ ਦੋ ਵੱਡੇ ਗੈਂਗਸਟਰ ਮਨੀ ਰਈਆ ਅਤੇ ਮਨਦੀਪ ਤੁਫਾਨ ਨੂੰ ਗ੍ਰਿਫਤਾਰ ਕੀਤਾ ਸੀ। ਪੁਲਿਸ ਵੱਲੋਂ ਇਹ ਸਰਚ ਆਪਰੇਸ਼ਨ ਬੀਤੇ ਕਈ ਦਿਨਾਂ ਤੋਂ ਜਾਰੀ ਹਨ ਅਤੇ ਅੱਜ ਵੀ ਸ਼ਹਿਰ ‘ਚ ਵੱਡੇ ਪੱਧਰ ‘ਤੇ ਪੁਲਿਸ ਵੱਲੋਂ ਸਰਚ ਆਪਰੇਸ਼ਨ ਕੀਤਾ ਗਿਆ।
ਅੱਜ ਪੰਜਾਬ ਦੇ ਏਡੀਜੀਪੀ (ਹਿਊਮਨ ਰਾਈਟਸ) ਡਾ. ਨਰੇਸ਼ ਅਰੋੜਾ ਤੇ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨਾਲ ਬਕਾਇਦਾ ਉਨ੍ਹਾਂ ਥਾਵਾਂ ਦਾ ਨਿਰੀਖਣ ਕੀਤਾ, ਜਿੱਥੇ ਪੁਲਸ ਵੱਲੋਂ ਸਰਚ ਅਭਿਆਨ ਚਲਾਇਆ ਜਾ ਰਿਹਾ ਸੀ। ਪੁਲਿਸ ਨੇ ਮਕਬੂਲਪੁਰਾ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰਕੇ ਸੜਕਾਂ ‘ਤੇ ਨਾਕੇਬੰਦੀ ਕਰ ਦਿੱਤੀ ਤਾਂਕਿ ਕੋਈ ਤਸਕਰ ਫ਼ਰਾਰ ਹੋਣ ਦੀ ਕੋਸ਼ਿਸ਼ ਨਾ ਕਰੇ।
ਏਡੀਜੀਪੀ ਨਰੇਸ਼ ਅਰੋੜਾ ਨੇ ਕਿਹਾ ਕਿ ਪੁਲਿਸ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਫ਼ੈਸਲਾਕੁੰਨ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾਂ ਤਸਕਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਪੂਰੇ ਪੰਜਾਬ ‘ਚ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪੁਲਿਸ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਛੋਟੇ ਤਸਕਰਾਂ ਸਮੇਤ ਪੁਲਸ ਵੱਲੋਂ ਵੱਡੀਆਂ ਮੱਛੀਆਂ ਨੂੰ ਵੀ ਹੱਥ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇ ਕਿਸੇ ਪੁਲਸ ਮੁਲਾਜਮ ਦੀ ਸ਼ਮੂਲੀਅਤ ਤਸਕਰਾਂ ਦੇ ਨਾਲ ਆਉੰਦੀ ਹੈ ਤਾਂ ਉਸ ਦੇ ਖਿਲਾਫ ਵੀ ਪੁਲਿਸ ਸਪੱਸ਼ਟ ਕਾਰਵਾਈ ਕਰੇਗੀ।