ਅੰਮ੍ਰਿਤਸਰ, 23 ਅਪ੍ਰੈਲ 2022 – ਪਿਛਲੇ ਦੋ ਹਫ਼ਤਿਆਂ ਤੋਂ ਖਾਲੀ ਪਈ ਅੰਮ੍ਰਿਤਸਰ ਦੇ ਐਸਐਸਪੀ ਦਿਹਾਤੀ ਦੇ ਅਹੁਦੇ ’ਤੇ ਭਗਵੰਤ ਮਾਨ ਸਰਕਾਰ ਨੇ ਸਵਰਨਦੀਪ ਸਿੰਘ ਨੂੰ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਜਲਦੀ ਹੀ ਚਾਰਜ ਸੰਭਾਲਣ ਲਈ ਕਿਹਾ ਗਿਆ ਹੈ। ਸਵਰਨਦੀਪ ਸਿੰਘ ਨੇ ਵੱਖ-ਵੱਖ ਸ਼ਹਿਰਾਂ ‘ਚ ਐੱਸਐੱਸਪੀ ਰਹਿਣ ਤੋਂ ਇਲਾਵਾ ਪੰਜਾਬ ‘ਚ ਕਈ ਅਹਿਮ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਵਰਨਦੀਪ ਸਿੰਘ ਨੂੰ ਅੰਮ੍ਰਿਤਸਰ ਦਿਹਾਤੀ ਦਾ ਐਸ.ਐਸ.ਪੀ. ਲਾਇਆ ਗਿਆ ਹੈ।
ਇਸ ਤੋਂ ਪਹਿਲਾਂ ਉਹ ਗੁਰਦਾਸਪੁਰ ਅਤੇ ਫਰੀਦਕੋਟ ਵਿਖੇ ਸੇਵਾ ਨਿਭਾ ਚੁੱਕੇ ਹਨ। ਅਕਤੂਬਰ ‘ਚ ਕਾਂਗਰਸ ਸਰਕਾਰ ਦੇ ਬਦਲਾਅ ਦੌਰਾਨ ਸੀ.ਐਮ ਚੰਨੀ ਨੇ ਉਨ੍ਹਾਂ ਦਾ ਫਰੀਦਕੋਟ ਤੋਂ ਤਬਾਦਲਾ ਕਰ ਦਿੱਤਾ ਸੀ ਪਰ ਹੁਣ ‘ਆਪ’ ਸਰਕਾਰ ਨੇ ਉਨ੍ਹਾਂ ਨੂੰ ਦੁਬਾਰਾ ਜ਼ਿੰਮੇਵਾਰੀ ਦੇ ਕੇ ਅੰਮ੍ਰਿਤਸਰ ਭੇਜ ਦਿੱਤਾ ਹੈ। ਉਨ੍ਹਾਂ ਦੇ ਹੌਂਸਲੇ ਨੂੰ ਦੇਖਦਿਆਂ ਕੈਪਟਨ ਸਰਕਾਰ ਨੇ ਉਨ੍ਹਾਂ ਨੂੰ ਕਈ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਸਨ। ਉਸ ਨੂੰ ਬਹਿਬਲ ਗੋਲੀ ਕਾਂਡ ਲਈ ਬਣਾਈ ਗਈ ਐਸਆਈਟੀ ਵਿੱਚ ਵੀ ਥਾਂ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਰਿਪੋਰਟ ਰੱਦ ਕਰਨ ਤੋਂ ਬਾਅਦ ਹਾਈ ਕੋਰਟ ਨੇ ਨਵੀਂ ਐਸਆਈਟੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ। ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਹੁੰਦਿਆਂ ਬਹਿਬਲ ਗੋਲੀ ਕਾਂਡ ਦੀ ਜਾਂਚ ਲਈ ਬਣਾਈ ਐਸਆਈਟੀ ਦੇ ਮੈਂਬਰ ਵੀ ਬਦਲ ਦਿੱਤੇ ਸਨ। ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਦੋਵਾਂ ਗੋਲੀਕਾਂਡ ਵਿੱਚ ਬਣਾਈ ਐਸਆਈਟੀ ਵਿੱਚ ਅਹਿਮ ਭੂਮਿਕਾ ਨਿਭਾਈ ਸੀ।