ਅੰਮ੍ਰਿਤਸਰ, 8 ਜਨਵਰੀ 2024 – ਅੰਮ੍ਰਿਤਸਰ ‘ਚ ਚੋਰਾਂ ਨੇ ਕੰਧ ਪਾੜ ਕੇ 1.25 ਕਰੋੜ ਦੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਲਏ। ਚੋਰ ਦੁਕਾਨ ਦੇ ਪਿੱਛੇ ਦੀ ਕੰਧ ਪਾੜ ਕੇ ਸਾਮਾਨ ਲੈ ਕੇ ਫ਼ਰਾਰ ਹੋ ਗਏ। ਕੋਈ ਸੁਰਾਗ ਨਾ ਛੱਡਦੇ ਹੋਏ ਚੋਰ ਦੁਕਾਨ ਦੇ ਅੰਦਰ ਲੱਗੇ ਕੈਮਰਿਆਂ ਦਾ ਡੀਵੀਆਰ ਵੀ ਲੈ ਗਏ।
ਅੰਮ੍ਰਿਤਸਰ ਦੇ ਘਣੂਪੁਰ ਕਾਲੇ ਇਲਾਕੇ ਵਿੱਚ ਸਥਿਤ ਚਰਨਜੀਤ ਜਵੈਲਰ ਦੀ ਦੁਕਾਨ ਵਿੱਚ ਬੀਤੀ ਅੱਧੀ ਰਾਤ ਨੂੰ ਚੋਰ ਦਾਖਲ ਹੋਏ। ਚੋਰਾਂ ਵੱਲੋਂ ਦੁਕਾਨ ਦੇ ਪਿੱਛੇ ਦੀ ਕੰਧ ਪਾੜ ਦਿੱਤੀ ਗਈ। ਦੋ ਚੋਰਾਂ ਨੇ ਮਿਲ ਕੇ ਪਹਿਲਾਂ ਕੰਧ ਪਾੜੀ ਅਤੇ ਫਿਰ ਸਮਾਨ ਬੋਰੀ ਵਿੱਚ ਪਾ ਕੇ ਲੈ ਗਏ। ਦੁਕਾਨ ਦੇ ਨਾਲ ਹੀ ਉਸ ਦੀ ਬਿਲਡਿੰਗ ਬਣ ਰਹੀ ਹੈ ਜਿੱਥੋਂ ਚੋਰ ਸਾਰੀ ਕੰਧ ਪਾੜ ਕੇ ਅੰਦਰ ਵੜ ਗਏ।
ਦੁਕਾਨ ਦੇ ਸਾਹਮਣੇ ਲੱਗੇ ਸੀ.ਸੀ.ਟੀ.ਵੀ. ਵਿੱਚ ਚੋਰ ਬੋਰੀ ਵਿੱਚ ਪਾ ਕੇ ਸਾਮਾਨ ਚੋਰੀ ਕਰਦੇ ਨਜ਼ਰ ਆ ਰਹੇ ਹਨ। ਦੁਕਾਨ ਦੀ ਛੱਤ ‘ਤੇ ਪਹਿਲਾਂ ਇਕ ਚੋਰ ਦੇਖਿਆ ਗਿਆ ਅਤੇ ਫਿਰ ਦੂਜੇ ਚੋਰ ਨੂੰ ਫੜਦੇ ਹੋਏ ਦੇਖਿਆ ਗਿਆ। ਇਸ ਤੋਂ ਬਾਅਦ ਦੋਵੇਂ ਫਰਾਰ ਹੋ ਗਏ। ਦੁਕਾਨ ਮਾਲਕ ਚਰਨਜੀਤ ਅਨੁਸਾਰ ਉਸ ਦੀ 24 ਸਾਲਾਂ ਦੀ ਕਮਾਈ ਚੋਰਾਂ ਨੇ ਲੁੱਟ ਲਈ ਹੈ। ਉਸ ਨੇ ਦੱਸਿਆ ਕਿ ਚੋਰ ਬੈਗ ਵਿੱਚ ਪਈ 70 ਤੋਂ 80 ਕਿਲੋ ਚਾਂਦੀ, ਬਾਕੀ ਸੋਨੇ ਦੇ ਗਹਿਣੇ ਅਤੇ ਲੱਖਾਂ ਦੀ ਨਕਦੀ ਵੀ ਚੋਰੀ ਕਰਕੇ ਲੈ ਗਏ।
ਦੁਕਾਨਦਾਰ ਅਨੁਸਾਰ ਕੁੱਲ ਚੋਰੀ ਦਾ ਅਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਫਿਲਹਾਲ ਉਹ ਜੋ ਦੇਖ ਰਹੇ ਹਨ ਉਸ ਦੇ ਆਧਾਰ ‘ਤੇ ਦੱਸ ਰਹੇ ਹਨ। ਇਸ ਤੋਂ ਬਾਅਦ ਜੇਕਰ ਉਹ ਹਿਸਾਬ ਲਗਾਉਣਗੇ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਚੋਰਾਂ ਨੇ ਅਸਲ ਵਿੱਚ ਕਿੰਨੀ ਚੋਰੀ ਕੀਤੀ ਹੈ।
ਛੇਹਰਟਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਆਸਪਾਸ ਦੀਆਂ ਦੁਕਾਨਾਂ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਚੋਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।