- ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਣ ਵਾਲੇ ਵਿਆਹ ਆਨੰਦ ਮੈਰਿਜ ਐਕਟ 1909 ਤਹਿਤ ਹੋ ਸਕਣਗੇ ਰਜਿਸਟਰਡ,
ਚੰਡੀਗੜ੍ਹ: 9 ਜੂਨ 2023 – ਚੰਡੀਗੜ੍ਹ ਵਿੱਚ ਰਹਿੰਦੇ ਸਿੱਖ ਭਾਈਚਾਰੇ ਦੇ ਲੋਕਾਂ ਲਈ ਖੁਸ਼ਖਬਰੀ ਹੈ ਕਿਉਂਕਿ ਹੁਣ ਸ਼ਹਿਰ ਵਿੱਚ ਸਿੱਖ ਰੀਤੀ-ਰਿਵਾਜਾਂ ਅਨੁਸਾਰ ਹੋਣ ਵਾਲੇ ਸਾਰੇ ਵਿਆਹ ਆਨੰਦ ਮੈਰਿਜ ਐਕਟ 1909 ਤਹਿਤ ਰਜਿਸਟਰਡ ਹੋ ਸਕਣਗੇ। ਯੂਟੀ ਪ੍ਰਸ਼ਾਸਨ ਚੰਡੀਗੜ੍ਹ ਆਨੰਦ ਮੈਰਿਜ ਲਾਗੂ ਕਰ ਦਿੱਤਾ ਹੈ।
ਡਿਪਟੀ ਕਮਿਸ਼ਨਰ ਦਫ਼ਤਰ ਨੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਰੀ ਨੋਟੀਫਿਕੇਸ਼ਨ ਦੀ ਪਾਲਣਾ ਕਰਦਿਆਂ ਆਨੰਦ ਮੈਰਿਜ ਐਕਟ 1909 ਤਹਿਤ ਵਿਆਹ ਰਜਿਸਟ੍ਰੇਸ਼ਨ ਲਈ ਚੰਡੀਗੜ੍ਹ ਆਨੰਦ ਮੈਰਿਜ ਰਜਿਸਟ੍ਰੇਸ਼ਨ ਨਿਯਮ 2018 ਲਾਗੂ ਕਰ ਦਿੱਤਾ ਹੈ।
ਪ੍ਰਸ਼ਾਸਨ ਅਨੁਸਾਰ ਅਜੇ ਫਿਲਹਾਲ ਆਫਲਾਈਨ ਮੋਡ ਨਾਲ ਐਕਟ ਤਹਿਤ ਵਿਆਹ ਰਜਿਸਟਰਡ ਕਰਵਾਉਣ ਲਈ ਅਪਲਾਈ ਕੀਤਾ ਜਾ ਸਕਦਾ ਹੈ। ਸੈਕਟਰ-17 ਸਥਿਤ ਡੀ. ਸੀ. ਦਫਤਰ ਦੀ ਮੈਰਿਜ ਬ੍ਰਾਂਚ ਵਿਚ ਹੋਰ ਜ਼ਰੂਰੀ ਦਸਤਾਵੇਜ਼ਾਂ ਨਾਲ ਅਪਲਾਈ ਕਰ ਸਕੋਗੇ। ਇਸ ਵਿਚ ਲਾੜੇ-ਲਾੜੀ ਦਾ ਆਈ. ਡੀ. ਅਤੇ ਉਮਰ ਦਾ ਪਰੂਫ਼, ਗੁਰਦੁਆਰਾ ਸਾਹਿਬ ਵਲੋਂ ਜਾਰੀ ਵਿਆਹ ਸਰਟੀਫਿਕੇਟ, ਦੋ ਗਵਾਹਾਂ ਦੇ ਆਈ. ਡੀ. ਪਰੂਫ਼ ਅਤੇ ਵਿਆਹ ਸਮਾਰੋਹ ਅਤੇ ਉਸ ਵਿਚ ਸ਼ਾਮਲ ਹੋਣ ਵਾਲੇ ਗਵਾਹਾਂ ਦੀਆਂ ਤਸਵੀਰਾਂ ਜਮ੍ਹਾ ਕਰਵਾਉਣੀਆਂ ਪੈਣਗੀਆਂ।