ਮੋਹਾਲੀ 24 ਮਈ 2024 – ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਮੁੱਖ ਚੋਣ ਦਫ਼ਤਰ ਮੋਹਾਲੀ ਵਿਖੇ ਅਕਾਲੀ ਦਲ ਦਿਹਾਤੀ ਅਤੇ ਸ਼ਹਿਰੀ ਦੇ ਚੌਣਵੇਂ ਸੀਨੀਅਰ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕੀਤਾ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਹਲਕਾ ਮੋਹਾਲੀ ਦੀ ਸ਼ਹਿਰੀ ਅਤੇ ਦਿਹਾਤੀ ਆਗੂਆ ਨਾਲ ਚੋਣਾਂ ਸੰਬੰਧੀ ਨੁਕਤੇ ਸਾਂਝੇ ਕੀਤਾ। ਹਲਕੇ ਦੇ ਆਗੂਆਂ ਨੇ ਪ੍ਰੋ. ਚੰਦੂਮਾਜਰਾ ਨਾਲ ਚੱਲ ਰਹੇ ਚੋਣ ਪ੍ਰਚਾਰ ਬਾਰੇ ਸਾਂਝ ਪਾਈ। ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਵੱਖ-ਵੱਖ ਆਗੂਆ ਦੁਆਰਾ ਦਿੱਤੇ ਸੁਝਾਵਾਂ ਉੱਤੇ ਪੂਰਨ ਮੰਥਨ ਕੀਤਾ।
ਇਸ ਸਮੇਂ ਪ੍ਰੋ. ਚੰਦੂਮਾਜਰਾ ਨੇ ਚੌਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਹਲਕਾ ਸ੍ਰੀ ਆਨੰਦਪੁਰ ਸਾਹਿਬ ਨੂੰ ਸੂਚਨਾ ਤਕਨਾਲੋਜੀ ਅਤੇ ਅਤਿ ਆਧੁਨਿਕ ਤਕਨੀਕ ਦਾ ਧੁਰਾ ਤੇ ਸੈਰ ਸਪਾਟੇ ਦਾ ਵੱਡਾ ਕੇਂਦਰ ਬਣਾਉਣਾ ਉਹਨਾਂ ਦਾ ਅਹਿਮ ਸੁਫ਼ਨਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਹਲਕਾ ਉਹਨਾਂ ਦਾ ਆਪਣਾ ਘਰ ਹੈ, ਜਦੋਂ ਉਹ 2014 ਵਿੱਚ ਲੋਕ ਸਭਾ ਲਈ ਚੁਣੇ ਗਏ ਸਨ ਤਾਂ ਸਥਾਨਕ ਇਲਾਕਾ ਵਿਕਾਸ ਫੰਡ ਤਹਿਤ ਸਭ ਤੋਂ ਵੱਧ 27 ਕਰੋੜ ਰੁਪਿਆ ਹਲਕੇ ਉੱਤੇ ਖਰਚ ਕੀਤਾ ਜੋ ਕਿ ਇੱਕ ਰਿਕਾਰਡ ਹੈ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕੋਈ ਵੀ ਲੋਕ ਸਭਾ ਮੈਂਬਰ ਆਪਣੇ ਹਲਕੇ ਤੋਂ ਬਾਹਰ ਐਮ.ਪੀ. ਲੈਂਡ ਫੰਡ ਦਾ ਪੈਸਾ ਖਰਚ ਹੀ ਨਹੀਂ ਸਕਦਾ, ਸਿਰਫ ਰਾਜਸਭਾ ਮੈਂਬਰ ਪੂਰੇ ਸੂਬੇ ਚ ਇਹ ਪੈਸਾ ਕਿਤੇ ਵੀ ਲਗਾ ਸਕਦੇ ਹਨ। ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਉਨ੍ਹਾਂ ਅਕਾਲੀ ਦਲ ਦੇ ਰਾਜ ਸਭਾ ਮੈਂਬਰਾਂ ਦੇ ਕੋਟੇ ਵਿੱਚੋਂ ਸਵਾ ਕਰੋੜ ਰੁਪਏ ਹੋਰ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਵਿਕਾਸ ਕਾਰਜਾਂ ਉੱਤੇ ਖਰਚ ਕੀਤੇ।
ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਇਲਾਕੇ ਦੇ ਵਿਕਾਸ ਲਈ ਪਾਏ ਯੋਗਦਾਨ ਅਤੇ ਭਵਿੱਖ ਵਿੱਚ ਆਪਣੀ ਵਿਉਂਤਬੰਦੀ ਬਾਰੇ ਦੱਸਦਿਆਂ ਆਖਿਆ ਕਿ ਉਹਨਾਂ ਨੇ ਐਮ.ਪੀ. ਹੁੰਦਿਆਂ ਕੇਂਦਰ ਉੱਪਰ ਦਵਾ ਪਾਕੇ ਮੋਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਵਿਸ਼ੇਸ਼ ਕਾਰਗੋ ਟਰਮੀਨਲ ਬਣਾਉਣ ਅਤੇ ਹਵਾਈ ਉਡਾਣਾਂ ਸ਼ੁਰੂ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਆਖਿਆ ਕਿ ਕਾਰਗੋ ਟਰਮੀਨਲ ਨੂੰ ਚਲਾਉਣ ਵਿੱਚ ਬਾਅਦ ਵਿੱਚ ਕਿਸੇ ਵੀ ਐੱਮ.ਪੀ. ਜਾਂ ਸਰਕਾਰ ਨੇ ਕੋਈ ਉਪਰਾਲਾ ਨਹੀਂ ਕੀਤਾ। ਉਨ੍ਹਾਂ ਆਖਿਆ ਕਿ ਇਸ ਵਾਰ ਚੋਣ ਜਿੱਤ ਕੇ ਕਾਰਗੋ ਟਰਮੀਨਲ ਦੇ ਨੂੰ ਸ਼ੁਰੂ ਕਰਵਾ ਕੇ ਸੂਬੇ ਦੇ ਕਿਸਾਨਾਂ, ਨੌਜਵਾਨਾਂ ਤੋਂ ਇਲਾਵਾ ਵਾਸੀਆਂ ਨੂੰ ਵੱਡਾ ਲਾਭ ਦਿੱਤਾ ਜਾਵੇਗਾ।
ਉਨ੍ਹਾਂ ਸ੍ਰੀ ਅਨੰਦਪੁਰ ਸਾਹਿਬ ਅਤੇ ਕੰਢੀ ਇਲਾਕੇ ਦੇ ਇਲਾਕੇ ਦੀ ਗੱਲ ਕਰਦਿਆਂ ਕਿਹਾ ਕਿ ਟੂਰਿਜ਼ਮ ਦੀਆਂ ਬਹੁਤ ਜਿਆਦਾ ਸਭਾਵਨਾਵਾਂ ਹਨ। ਇੱਥੇ ਸੈਰ ਸਪਾਟੇ ਨੂੰ ਵਿਕਸਿਤ ਕਰਕੇ ਪੰਜਾਬ ਦਾ ਸਭ ਤੋਂ ਵੱਡਾ ਸੈਰ ਸਪਾਟਾ ਕੇਂਦਰ ਬਣਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸੈਰ ਸਪਾਟੇ ਲਈ ਪਹਾੜੀ ਖੇਤਰ, ਕੁਦਰਤੀ ਪਾਣੀ ਦੇ ਭੰਡਾਰ, ਜੰਗਲਾਤ ਅਤੇ ਧਾਰਮਿਕ ਮਹੱਤਤਾ ਵਾਲੇ ਸਥਾਨ ਹੋਣਾ ਮੁੱਢਲੀਆਂ ਵਿਸ਼ੇਸ਼ਤਾਵਾਂ ਹਨ ਜੋ ਇਹ ਇਲਾਕਾ ਪੂਰੀਆਂ ਕਰਦਾ ਹੈ। ਇਸ ਲਈ ਇਹ ਵੀ ਉਹਨਾਂ ਦਾ ਟੀਚਾ ਹੈ ਕਿ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਕੀਰਤਪੁਰ ਸਾਹਿਬ ਮਾਤਾ ਨੈਣਾ ਦੀਵੀ ਅਤੇ ਹੋਰ ਧਾਰਮਿਕ ਮਹੱਤਤਾ ਵਾਲੇ ਸਥਾਨਾਂ ਦੇ ਆਉਣ ਵਾਲੇ ਸੈਲਾਨੀਆਂ ਨੂੰ ਆਧੁਨਿਕ ਟੂਰਿਜ਼ਮ ਨੂੰ ਸਹੂਲਤਾਂ ਨਾਲ ਅਕਰਸਿਤ ਕੀਤਾ ਜਾ ਸਕਦਾ ਹੈ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਬੰਗਾ- ਸ੍ਰੀ ਨੈਣਾਦੇਵੀ ਰੋਡ ਦਾ ਪ੍ਰੋਜੈਕਟ ਉਹਨਾਂ ਵਲੋਂ ਪਾਸ ਕਰਵਾਇਆ ਜਾ ਚੁੱਕਾ ਹੈ, ਪ੍ਰੰਤੂ ਕਾਂਗਰਸ ਅਤੇ ਆਪ ਸਰਕਾਰ ਦੀ ਖੋਟੀ ਨੀਅਤ ਕਰਕੇ ਰੋਡ ਦਾ ਪ੍ਰੋਜੈਕਟ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਆਖਿਆ ਹਲਕੇ ਤੋਂ ਚੋਣ ਜਿੱਤਣ ਤੋਂ ਬਾਅਦ ਅਧੂਰੇ ਪਾਏ ਪ੍ਰੋਜੈਕਟ ਮੁਕੰਮਲ ਕਰਵਾਕੇ ਦਰਜਨਾਂ ਨਵੇਂ ਵਿਕਾਸ ਦੇ ਪ੍ਰੋਜੈਕਟ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੀ ਝੋਲੀ ਪਾਏ ਜਾਣਗੇ।
ਇਸ ਮੌਕੇ ਮੋਹਾਲੀ ਤੋਂ ਹਲਕਾ ਇੰਚਾਰਜ਼ ਪਰਵਿੰਦਰ ਸਿੰਘ ਸੋਹਾਣਾ, ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਰੂਬੀ, ਸੂਬਾ ਵਾਈਸ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ਼, ਸ਼ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਸਵੰਤ ਸਿੰਘ ਭੁੱਲਰ, ਮੀਤ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਮੀਤ ਪ੍ਰਧਾਨ ਕਰਤਾਰ ਸਿੰਘ ਤਸਿੰਬਲੀ, ਅਜੈਪਾਲ ਸਿੰਘ ਮਿੱਡੂਖੇੜਾ, ਜਸਬੀਰ ਸਿੰਘ ਜੱਸਾ ਚੇਅਰਮੈਨ, ਸਰਕਲ ਪ੍ਰਧਾਨ ਹਰਪਾਲ ਸਿੰਘ ਬਰਾੜ, ਸਰਕਲ ਪ੍ਰਧਾਨ ਸਤਨਾਮ ਸਿੰਘ ਮਲਹੋਤਰਾ, ਨਰਿੰਦਰ ਸਿੰਘ ਸੰਧੂ, ਗਗਨ ਬੈਦਵਾਣ, ਬਲਵਿੰਦਰ ਸਿੰਘ ਮੁਲਤਾਨੀ, ਅਮਰੀਕ ਸੈਣੀ, ਡਾ. ਸਿਮਰਨਜੋਤ ਸਿੰਘ ਵਾਲੀਆ, ਦਰਸ਼ਨ ਸਿੰਘ ਕਲਸੀ, ਪਰਦੀਪ ਸਿੰਘ ਭਾਰਜ, ਸੁਖਮਿੰਦਰ ਸਿੰਘ ਸਿੰਦੀ, ਬਲਵਿੰਦਰ ਸਿੰਘ ਬੇਦੀ, ਤਰਨਪ੍ਰੀਤ ਸਿੰਘ ਧਾਲੀਵਾਲ, ਮਨਜੀਤ ਸਿੰਘ ਠੇਕੇਦਾਰ, ਗੁਰਪ੍ਰਤਾਪ ਸਿੰਘ ਬੜ੍ਹੀ, ਕਮਲਜੀਤ ਸਿੰਘ ਬੜ੍ਹੀ ਤੋਂ ਇਲਾਵਾ ਵੱਡੀ ਗਿਣਤੀ ‘ਚ ਸਮੁੱਚੀ ਸੀਨੀਅਰ ਲੀਡਰਸ਼ਿਪ ਅਤੇ ਵਰਕਰ ਮੌਜੂਦ ਸਨ।