ਲੁਧਿਆਣਾ, 5 ਜੁਲਾਈ 2025 – ਲੁਧਿਆਣਾ ਦੀ ਅਨੰਨਿਆ ਜੈਨ ਨੇ CUET ਪ੍ਰੀਖਿਆ ਦੇ ਨਤੀਜੇ ‘ਚ ਟਾਪ ਕੀਤਾ ਹੈ। ਅਨੰਨਿਆ ਜੈਨ ਡੀਏਵੀ ਸਕੂਲ (ਪੱਖੋਵਾਲ ਰੋਡ) ਦੀ ਇੱਕ ਹੋਣਹਾਰ ਵਿਦਿਆਰਥਣ ਹੈ। ਵਿਦਿਆਰਥਣ ਜੈਨ ਨੇ ਕਾਮਨ ਯੂਨੀਵਰਸਿਟੀ ਐਂਟਰੈਂਸ ਟੈਸਟ 2025 ਵਿੱਚ ਆਲ ਇੰਡੀਆ ਰੈਂਕ 1 ਪ੍ਰਾਪਤ ਕਰਕੇ ਸਕੂਲ, ਸ਼ਹਿਰ ਅਤੇ ਸੂਬੇ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਅਨੰਨਿਆ ਦੇਸ਼ ਦੀ ਇਕਲੌਤੀ ਵਿਦਿਆਰਥਣ ਹੈ ਜਿਸਨੇ ਆਪਣੇ 5 ਵਿੱਚੋਂ 4 ਵਿਸ਼ਿਆਂ ਵਿੱਚ 100 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਅੰਨਨਿਆ ਨੇ ਅਕਾਊਂਟੈਂਸੀ, ਬਿਜ਼ਨਸ ਸਟੱਡੀਜ਼, ਇਕੋਨਾਮਿਕਸ ਤੇ ਗਣਿਤ ’ਚ 100 ਪਰਸੇਂਟਾਈਲ ਤੇ ਅੰਗਰੇਜ਼ੀ ’ਚ 99.99 ਪਰਸੇਂਟਾਈਲ ਹਾਸਲ ਕੀਤੇ।
ਤੁਹਾਨੂੰ ਦੱਸ ਦੇਈਏ ਕਿ ਇਹ ਵੱਕਾਰੀ ਦਾਖਲਾ ਪ੍ਰੀਖਿਆ ਦੇਸ਼ ਭਰ ਦੀਆਂ ਕੇਂਦਰੀ ਯੂਨੀਵਰਸਿਟੀਆਂ ਵਿੱਚ ਗ੍ਰੈਜੂਏਸ਼ਨ ਦੀ ਪੜ੍ਹਾਈ ਵਿੱਚ ਦਾਖਲੇ ਲਈ ਲਈ ਜਾਂਦੀ ਹੈ, ਜਿਸ ਵਿੱਚ ਇਸ ਸਾਲ ਦੇਸ਼ ਭਰ ਵਿੱਚ 10.71 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ।
ਪ੍ਰਿੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਕਿਹਾ, “ਸਾਨੂੰ ਅਨੰਨਿਆ ਜੈਨ ਦੀ ਇਸ ਪ੍ਰਾਪਤੀ ‘ਤੇ ਬਹੁਤ ਮਾਣ ਹੈ। ਇਹ ਉਸਦੀ ਸਖ਼ਤ ਮਿਹਨਤ, ਸਮਰਪਣ ਅਤੇ ਸਾਡੇ ਅਧਿਆਪਕਾਂ ਦੀ ਮਾਰਗਦਰਸ਼ਕ ਭੂਮਿਕਾ ਦਾ ਪ੍ਰਮਾਣ ਹੈ। ਅਨੰਨਿਆ ਦੀ ਪ੍ਰਾਪਤੀ ਨਾ ਸਿਰਫ਼ ਸਕੂਲ ਲਈ ਮਾਣ ਵਾਲੀ ਗੱਲ ਹੈ, ਸਗੋਂ ਉੱਤਮਤਾ ਦੀ ਇੱਕ ਨਵੀਂ ਉਦਾਹਰਣ ਵੀ ਸਥਾਪਤ ਕਰਦੀ ਹੈ।”

