ਸਮਰਾਲਾ, 10 ਜਨਵਰੀ 2024 – ਪੰਜਾਬ ਵਿਚ ਪੈ ਰਹੀ ਕੜਾਕੇ ਦੀ ਠੰਡ ਦੇ ਚਲਦੇ ਬੀਤੀ ਰਾਤ ਸਮਰਾਲਾ ਦੇ ਪਿੰਡ ਨਾਗਰਾ ਵਿਖੇ ਅੰਗੀਠੀ ਸੇਕ ਰਹੇ ਇੱਕ ਪਰਿਵਾਰ ਨੂੰ ਜ਼ਹਿਰੀਲੀ ਗੈਸ ਚੜਨ ਕਾਰਨ ਪਤੀ-ਪਤਨੀ ਦੀ ਹਾਲਤ ਬਿਗੜ ਗਈ ਅਤੇ ਉਨ੍ਹਾਂ ਦੇ ਦੋ ਸਾਲ ਦੇ ਮਾਸੂਮ ਬੱਚੇ ਦੀ ਜ਼ਹਿਰੀਲੀ ਗੈਸ ਦੇ ਅਸਰ ਕਾਰਨ ਮੌਤ ਹੋ ਗਈ।
ਇਹ ਹਾਦਸਾ ਰਾਤ ਕਰੀਬ 9 ਵਜੇ ਉਸ ਵੇਲੇ ਵਾਪਰਿਆ ਜਦੋਂ ਅਨਮੋਲਕ ਸਿੰਘ (27) ਸਾਲ ਆਪਣੀ ਪਤਨੀ ਸੁਮਨਪ੍ਰੀਤ ਕੌਰ ਅਤੇ 2 ਸਾਲ ਦੇ ਬੇਟੇ ਅਰਮਾਨ ਸਮੇਤ ਰਾਤ ਦੀ ਰੋਟੀ ਖਾਣ ਉਪਰੰਤ ਠੰਡ ਜਿਆਦਾ ਹੋਣ ਕਾਰਨ ਸੋਣ ਵਾਲੇ ਕਮਰੇ ਵਿਚ ਅੰਗੀਠੀ ਸੇਕਣ ਲੱਗ ਪਏ। ਕੁਝ ਦੇਰ ਬਾਅਦ ਹੀ ਅੰਗੀਠੀ ਸੇਕਣ ਕਾਰਣ ਕਮਰੇ ਵਿਚ ਪੈਦਾ ਹੋਈ ਜ਼ਹਿਰੀਲੀ ਗੈਸ ਇਨ੍ਹਾਂ ਤਿੰਨਾਂ ਮੈਂਬਰਾਂ ਨੂੰ ਹੀ ਚੜ ਗਈ ਅਤੇ ਉਨ੍ਹਾਂ ਦੀ ਹਾਲਤ ਬਿਗੜਨ ਲੱਗੀ।
ਆਸ-ਪਾਸ ਦੇ ਲੋਕਾਂ ਨੂੰ ਘਟਨਾਂ ਦਾ ਪਤਾ ਲੱਗਣ ’ਤੇ ਬੰਦ ਕਮਰੇ ਵਿਚ ਬੇਹੋਸ਼ੀ ਦੀ ਹਾਲਤ ਵਿਚ ਪਏ ਪਰਿਵਾਰ ਦੇ ਤਿੰਨੇ ਜੀਆਂ ਨੂੰ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ 2 ਸਾਲ ਦੇ ਅਰਮਾਨ ਦੀ ਮੌਤ ਹੋ ਚੁੱਕੀ ਸੀ। ਮੌਕੇ ’ਤੇ ਪੁਲਸ ਵੀ ਪਹੁੰਚ ਗਈ ਅਤੇ ਸਾਰਿਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਬੱਚੇ ਨੂੰ ਤਾਂ ਮ੍ਰਿਤਕ ਐਲਾਨ ਦਿੱਤਾ, ਪ੍ਰੰਤੂ ਪਤੀ-ਪਤਨੀ ਨੂੰ ਮੁੱਢਲੇ ਇਨਾਜ ਮਗਰੋਂ ਚੰਡੀਗੜ ਰੈਫਰ ਕੀਤਾ ਗਿਆ। ਸਮੇਂ ’ਤੇ ਡਾਕਟਰੀ ਇਲਾਜ਼ ਮਿਲਣ ਕਾਰਣ ਸਵੇਰ ਤੱਕ ਪਤੀ-ਪਤਨੀ ਦੀ ਹਾਲਤ ਵਿਚ ਸੁਧਾਰ ਜਾਣ ਕਾਰਨ ਉਹਨਾਂ ਨੂੰ ਘਰ ਭੇਜ ਦਿੱਤਾ ਹੈ।