ਚੰਡੀਗੜ੍ਹ, 10 ਸਤੰਬਰ 2025 – ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ‘ਆਪ’ ਦੇ ਹਲਕਾ ਖਡੂਰ ਸਾਹਿਬ ਤੋਂ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਇਹ ਗਿ੍ਫ਼ਤਾਰੀ ਉਸਮਾ ਕਾਂਡ ਮਾਮਲੇ ਵਿਚ ਕੀਤੀ ਗਈ ਹੈ ਤੇ ਵਿਧਾਇਕ ਸਮੇਤ 7 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ ਤੇ ਇਸ ਮਾਮਲੇ ’ਚ 12 ਸਤੰਬਰ ਨੂੰ ਫ਼ੈਸਲਾ ਸੁਣਾਇਆ ਜਾਵੇਗਾ।
ਦੱਸ ਦਈਏ ਕਿ ਇਹ ਪੂਰਾ ਮਾਮਲਾ ਇੱਕ ਅਨੁਸੂਚਿਤ ਜਾਤੀ ਪਰਿਵਾਰ ਨਾਲ ਸਬੰਧਤ ਲੜਕੀ ਹਰਬਿੰਦਰ ਕੌਰ ਉਸਮਾ ਨਾਲ ਛੇੜਛਾੜ ਅਤੇ ਉਸ ‘ਤੇ ਹਮਲੇ ਦਾ ਹੈ। ਹਰਬਿੰਦਰ ਕੌਰ ਉਸਮਾ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਆਈ ਸੀ, ਜਿੱਥੇ ਇਹ ਸਾਰੀ ਘਟਨਾ ਵਾਪਰੀ। ਇਸ ਮਾਮਲੇ ‘ਚ ਐਡੀਸ਼ਨਲ ਸੈਸ਼ਨ ਜੱਜ ਤਰਨ ਤਾਰਨ ਪ੍ਰੇਮ ਕੁਮਾਰ ਦੀ ਅਦਾਲਤ ਨੇ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਹੋਰਾਂ ਨੂੰ ਮੁੱਖ ਦੋਸ਼ੀ ਠਹਿਰਾਇਆ ਹੈ। ਸਜ਼ਾ ਦਾ ਫੈਸਲਾ 12 ਤਰੀਕ ਨੂੰ ਐਲਾਨਿਆ ਜਾ ਸਕਦਾ ਹੈ। ਇਸ ਵੇਲੇ ਦੋਸ਼ੀ ਵਿਧਾਇਕ ਲਾਲਪੁਰਾ ਅਤੇ ਹੋਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਦਰਅਸਲ, ਇਹ ਮਾਮਲਾ 4 ਮਾਰਚ, 2013 ਦਾ ਹੈ। ਪਿੰਡ ਉਸਮਾ ਦੀ ਰਹਿਣ ਵਾਲੀ ਹਰਬਿੰਦਰ ਕੌਰ ਉਸਮਾਨ ਆਪਣੇ ਪਿਤਾ ਕਸ਼ਮੀਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਮਹਿਲ ਪਹੁੰਚੀ, ਜਦੋਂ ਹਰਬਿੰਦਰ ਕੌਰ ਉਸਮਾ ਨਾਲ ਉੱਥੇ ਮੌਜੂਦ ਟੈਕਸੀ ਡਰਾਈਵਰਾਂ ਨੇ ਕਥਿਤ ਤੌਰ ‘ਤੇ ਛੇੜਛਾੜ ਕੀਤੀ। ਜਦੋਂ ਉਸਨੇ ਵਿਰੋਧ ਕੀਤਾ ਤਾਂ ਟੈਕਸੀ ਡਰਾਈਵਰਾਂ ਨੇ ਉਸਦੀ ਕੁੱਟਮਾਰ ਕੀਤੀ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਪਰਿਵਾਰ ਨੂੰ ਸੜਕ ‘ਤੇ ਬੇਰਹਿਮੀ ਨਾਲ ਕੁੱਟਿਆ। ਜਿਵੇਂ ਹੀ ਇਸ ਦੀ ਵੀਡੀਓ ਮੀਡੀਆ ਤੱਕ ਪਹੁੰਚੀ, ਇਹ ਮਾਮਲਾ ਪੂਰੇ ਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਜਿਸ ਦੌਰਾਨ ਸੁਪਰੀਮ ਕੋਰਟ ਨੇ ਮਾਮਲੇ ਦਾ ਨੋਟਿਸ ਲਿਆ ਅਤੇ ਪੀੜਤ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਆਦੇਸ਼ ਦਿੱਤੇ ਸਨ।

ਦੋਸ਼ੀ ਟੈਕਸੀ ਡਰਾਈਵਰਾਂ ਵਿੱਚੋਂ ਮਨਜਿੰਦਰ ਸਿੰਘ ਲਾਲਪੁਰਾ 2022 ਵਿੱਚ ਖਡੂਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਸਨ। ਬਚਾਅ ਪੱਖ ਦੇ ਵਕੀਲ ਨੇ ਵਧੀਕ ਸੈਸ਼ਨ ਜੱਜ ਪ੍ਰੇਮ ਕੁਮਾਰ ਦੀ ਅਦਾਲਤ ਵਿੱਚ ਪੇਸ਼ ਹੋ ਕੇ ਘੱਟੋ-ਘੱਟ ਸਜ਼ਾ ਦੀ ਅਪੀਲ ਕੀਤੀ। 12.05 ਮਿੰਟ ‘ਤੇ ਅਦਾਲਤ ਨੇ ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਸਾਰਿਆਂ ਨੂੰ ਪੁਲਿਸ ਹਿਰਾਸਤ ਵਿੱਚ ਲੈਣ ਦੇ ਹੁਕਮ ਦਿੱਤੇ। ਜਿਸ ਤੋਂ ਬਾਅਦ ਅਦਾਲਤ ਦਾ ਅਹਾਤਾ ਪੁਲਿਸ ਛਾਉਣੀ ਵਿੱਚ ਬਦਲ ਗਿਆ। ਦੋਸ਼ੀਆਂ ਦੀ ਸਜ਼ਾ ਬਾਰੇ ਫੈਸਲਾ 12 ਤਰੀਕ ਨੂੰ ਲਿਆ ਜਾਵੇਗਾ।
