ਅੰਮ੍ਰਿਤਸਰ, 23 ਅਕਤੂਬਰ 2022 – ਅੰਮ੍ਰਿਤਸਰ ‘ਚ ਪੁਲਸ ਨਸ਼ੇ ਦੇ ਨੈੱਟਵਰਕ ਨੂੰ ਤੋੜਨ ‘ਚ ਨਾਕਾਮ ਸਾਬਤ ਹੋ ਰਹੀ ਹੈ। ਨਸ਼ਿਆਂ ਲਈ ਬਦਨਾਮ ਹੋ ਚੁੱਕੇ ਮਕਬੂਲਪੁਰਾ ਇਲਾਕੇ ‘ਚ ਅੱਜ ਵੀ ਨਸ਼ਾ ਵਿਕ ਰਿਹਾ ਹੈ। ਪੁਲੀਸ ਨੇ ਮਕਬੂਲਪੁਰਾ, ਚਮਰੰਗ ਰੋਡ, ਤਰਨਤਾਰਨ ਰੋਡ ਆਦਿ ਕਈ ਥਾਵਾਂ ’ਤੇ ਚੈਕਿੰਗ ਕੀਤੀ, ਤਸਕਰਾਂ ਨੂੰ ਫੜਿਆ ਪਰ ਫਿਰ ਵੀ ਨਸ਼ਾ ਇੱਥੋਂ ਦੇ ਨੌਜਵਾਨਾਂ ਤੱਕ ਪਹੁੰਚ ਰਿਹਾ ਹੈ।
ਹੁਣ ਅੰਮ੍ਰਿਤਸਰ ਦੇ ਚਮਰੰਗ ਰੋਡ ਦੀ ਇੱਕ ਨਵੀਂ ਵੀਡੀਓ ਵਾਇਰਲ ਹੋਈ ਹੈ। ਇਹ ਵੀਡੀਓ ਸ਼ਨੀਵਾਰ-ਐਤਵਾਰ ਦਰਮਿਆਨੀ ਰਾਤ ਦਾ ਦੱਸਿਆ ਜਾ ਰਿਹਾ ਹੈ। ਜਿਸ ਵਿੱਚ 5 ਨੌਜਵਾਨ ਪਹਿਲਾਂ ਗਲੀ ਵਿੱਚ ਇਕੱਠੇ ਹੋਏ ਅਤੇ ਇੱਕ ਦੂਜੇ ਨੂੰ ਨਸ਼ੀਲੇ ਪਦਾਰਥਾਂ ਦੀਆਂ ਖਰੀਦੀਆਂ ਪੁੜੀਆਂ ਦੇ ਦਿੰਦੇ ਹਨ। ਇਸ ਤੋਂ ਬਾਅਦ ਇਹ ਨੌਜਵਾਨ ਇੱਕ ਦੂਜੇ ਦੀਆਂ ਲੱਤਾਂ ਦੀਆਂ ਨਾੜਾਂ ਵਿੱਚ ਨੂੰ ਨਸ਼ੀਲੇ ਟੀਕੇ ਲਗਾਉਣ ਲੱਗ ਜਾਂਦੇ ਹਨ। ਪਰ ਇਸ ਦੌਰਾਨ ਕਿਸੇ ਦੀ ਨਜ਼ਰ ਵੀਡੀਓ ਬਣਾਉਣ ਵਾਲੇ ਵਿਅਕਤੀ ‘ਤੇ ਪੈ ਜਾਂਦੀ ਹੈ ਅਤੇ ਉਹ ਪਿੱਛੇ ਹਟ ਜਾਂਦਾ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ ਸਰਕਾਰ ਅਤੇ ਪੁਲਿਸ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ ਪਰ ਅੱਜ ਵੀ ਇਹ ਨਸ਼ਾ ਗਲੀ-ਮੁਹੱਲੇ ਵਿੱਚ ਵਿਕ ਰਿਹਾ ਹੈ ਅਤੇ ਨੌਜਵਾਨ ਵੀ ਇਸ ਦਾ ਸੇਵਨ ਕਰ ਰਹੇ ਹਨ।
ਕਰੀਬ ਦੋ ਮਹੀਨੇ ਪਹਿਲਾਂ ਮਕਬੂਲਪੁਰਾ ਇਲਾਕੇ ਵਿੱਚ ਇੱਕ ਨਵ-ਵਿਆਹੁਤਾ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹੀ ਅੰਮ੍ਰਿਤਸਰ ਪੂਰੇ ਦੇਸ਼ ਦੇ ਧਿਆਨ ਵਿੱਚ ਆ ਗਿਆ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਇਲਾਕੇ ਵਿੱਚ ਤਿੰਨ ਵਾਰ ਅਚਨਚੇਤ ਤਲਾਸ਼ੀ ਮੁਹਿੰਮ ਚਲਾਈ ਪਰ ਕੋਈ ਵੱਡੀ ਮੱਛੀ ਫੜਨ ਵਿੱਚ ਨਾਕਾਮ ਰਹੀ। ਇਸ ਦੇ ਨਾਲ ਹੀ ਇਹ ਤੀਜਾ ਵੀਡੀਓ ਚਮਰੰਗ ਰੋਡ ਤੋਂ ਸਾਹਮਣੇ ਆਇਆ ਹੈ। ਇੱਥੇ ਵੀ ਪੁਲਿਸ ਨੇ ਤਲਾਸ਼ੀ ਮੁਹਿੰਮ ਚਲਾਈ ਪਰ ਕੋਈ ਸਫਲਤਾ ਨਹੀਂ ਮਿਲੀ। ਪੁਲੀਸ ਨੇ ਭਾਵੇਂ ਛਾਪੇਮਾਰੀ ਕੀਤੀ ਜਾਂ ਕੁਝ ਮੁਲਜ਼ਮਾਂ ਨੂੰ ਫੜਿਆ, ਪਰ ਇਨ੍ਹਾਂ ਇਲਾਕਿਆਂ ਵਿੱਚ ਅਜੇ ਵੀ ਨਸ਼ਾ ਖੁੱਲ੍ਹੇਆਮ ਵਿਕ ਰਿਹਾ ਹੈ।