ਭਿੱਖੀਵਿੰਡ, 6 ਮਾਰਚ 2023 – ਨਸ਼ਿਆਂ ਦਾ ਦੈਂਤ ਲਗਾਤਾਰ ਪੰਜਾਬ ਦੀ ਜਵਾਨੀ ਨੂੰ ਖਾਂਦਾ ਜਾ ਰਿਹਾ ਹੈ, ਅਜਿਹਾ ਹੀ ਤਾਜ਼ਾ ਮਾਮਲਾ ਜ਼ਿਲ੍ਹਾ ਤਰਨਤਾਰਨ ਦੇ ਖੇਮਕਰਨ ਹਲਕੇ ਦੇ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਪੂਹਲਾ ਵਿਚੋਂ ਸਾਹਮਣੇ ਆਇਆ ਹੈ, ਜਿੱਥੇ 45 ਸਾਲਾਂ ਰਵੇਲ ਸਿੰਘ ਪੁੱਤਰ ਸ਼ੇਰ ਸਿੰਘ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ ਹੈ।
ਮ੍ਰਿਤਕ ਵਿਆਹਿਆ ਹੋਇਆ ਹੈ ਅਤੇ ਉਸ ਦੇ 2 ਬੱਚੇ ਵੀ ਹਨ। ਦੱਸਿਆ ਜਾ ਰਿਹਾ ਕਿ ਮ੍ਰਿਤਕ ਆਪਣੇ ਸਹੁਰੇ ਪਿੰਡ ਬੋਹੜੁ ਵਿਖੇ ਕੰਮਕਾਰ ਕਰਦਾ ਸੀ ਅਤੇ ਅੱਜ ਉਹ ਆਪਣੇ ਪਿੰਡ ਪੂਹਲਾ ਵਿਖੇ ਆਇਆ ਹੋਇਆ ਸੀ, ਜਿੱਥੇ ਉਸਨੇ ਨਸ਼ੇ ਦਾ ਟੀਕਾ ਲਗਾ ਲਿਆ, ਜਿਸ ਕਰਕੇ ਉਸਦੀ ਉਥੇ ਹੀ ਮੌਤ ਹੋ ਗਈ।
ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਨਸ਼ਾ ਕਰ ਰਿਹਾ ਸੀ, ਜਿਸ ਕਰਕੇ ਅੱਜ ਵੀ ਉਸ ਨੇ ਨਸ਼ੇ ਦਾ ਟੀਕਾ ਲਗਾਇਆ ਸੀ ਜੋ ਉਸਦੀ ਮੌਤ ਦਾ ਕਾਰਨ ਬਣ ਗਿਆ। ਉਨ੍ਹਾਂ ਕਿਹਾ ਕਿ ਪਿੰਡ ਵਿਚ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਸ਼ਰ੍ਹੇਆਮ ਵਿਚ ਰਿਹਾ ਹੈ, ਪੁਲਸ ਨੂੰ ਪਤਾ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ।
ਇਸ ਸੰਬੰਧੀ ਥਾਣਾ ਭਿੱਖੀਵਿੰਡ ਦੇ ਐੱਸਐੱਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਮਿਰਤਕ ਦੀ ਪਤਨੀ ਸੀਤਾ ਦੇ ਬਿਆਨਾਂ ਤੇ 174 ਦੀ ਕਾਰਵਾਈ ਅਮਲ ਵਿਚ ਲਿਆ ਕੇ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜੇਕਰ ਪੋਸਟਮਾਰਟਮ ਦੌਰਾਨ ਕੋਈ ਨਸ਼ੇ ਵਾਲੀ ਗੱਲ ਸਾਹਮਣੇ ਆਉਂਦੀ ਹੈ ਤਾਂ ਜੁਰਮ ਵਿਚ ਵਾਧਾ ਕਰ ਬਣਦੀ ਕਾਰਵਾਈ ਕੀਤੀ ਜਾਵੇਗੀ ਪਿੰਡ ਵਿਚ ਨਸ਼ੇ ਸ਼ਰ੍ਹੇਆਮ ਵਿਕਣ ਦੇ ਸੁਆਲ ਤੇ ਉਨ੍ਹਾਂ ਕਿਹਾ ਕਿ ਪੁਲੀਸ ਅਜਿਹੇ ਲੋਕਾਂ ਖਿਲਾਫ ਲਗਾਤਾਰ ਕਾਰਵਾਈਆਂ ਕਰ ਰਹੀ, ਜੋ ਨਸ਼ੇ ਦਾ ਧੰਦਾ ਕਰਦੇ ਹਨ। ਉਹਨਾਂ ਖਿਲਾਫ ਮਾਮਲੇ ਵੀ ਦਰਜ ਕੀਤੇ ਜਾ ਰਹੇ ਹਨ।