ਲੁਧਿਆਣਾ, 06 ਅਗਸਤ, 2023 – ਐਸ.ਐਸ.ਐਸ. ਬੋਰਡ ਦੀ ਪ੍ਰੀਖਿਆ ‘ਚ ਉਮੀਦਵਾਰ ਦੀ ਜਗ੍ਹਾ ਹੋਰ ਨੌਜਵਾਨ ਪ੍ਰੀਖਿਆ ਦਿੰਦਾ ਕਾਬੂ ਕੀਤਾ ਗਿਆ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੇਖੇਵਾਲ, ਨੇੜੇ ਸ਼ਿਵਪੁਰੀ ਚੌਂਕ, ਲੁਧਿਆਣਾ ਵਿਖੇ ਅੱਜ ਸੁਬਾਰਡੀਨੇਟ ਸਟਾਫ਼ ਸਿਲੈਕਸ਼ਨ ਬੋਰਡ ਵੱਲੋਂ ਭਰਤੀ ਵਿੱਚ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਇਮਤਿਹਾਨਾਂ ਵਿੱਚ ਗੜਬੜੀਆਂ ਨੂੰ ਰੋਕਣ ਲਈ ਵਰਤੀ ਚੌਕਸੀ ਸਦਕਾ ਇਹ ਨੌਜਵਾਨ ਕਾਬੂ ਕੀਤਾ ਗਿਆ।
ਪ੍ਰੀਖਿਆ ਕੇਂਦਰ ਦੇ ਆਬਜ਼ਰਵਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਸੁਬਾਰਡੀਨੇਟ ਸਟਾਫ ਸਿਲੈਕਸ਼ਨ ਬੋਰਡ ਵੱਲੋਂ ਲੁਧਿਆਣਾ ਪ੍ਰੀਖਿਆ ਕੇਂਦਰ ਵਿਖੇ ਕਲਰਕਾਂ ਦੀ ਅਸਾਮੀ ਲਈ ਲਿਖਤੀ ਪ੍ਰੀਖਿਆ ਵਿੱਚ ਹਰਨੇਕ ਸਿੰਘ ਪੁੱਤਰ ਮੇਹਰ ਸਿੰਘ , ਰਾਜ ਸਿੰਘ ਪੁੱਤਰ ਲਾਲ ਸਿੰਘ (ਰੋਲ ਨੰਬਰ: 321122) ਦੀ ਜਗ੍ਹਾ ਪ੍ਰੀਖਿਆ ਦਿੰਦਾ ਪਾਇਆ ਗਿਆ । ਡੀ.ਐਸ.ਐਸ.ਓ ਕਮ ਆਬਜ਼ਰਵਰ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਉਸਨੇ ਕਥਿਤ ਦੋਸ਼ੀ ਹਰਨੇਕ ਸਿੰਘ ਨੂੰ ਅਗਲੀ ਕਾਰਵਾਈ ਲਈ ਪੁਲਿਸ ਹਵਾਲੇ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸੁਬਾਰਡੀਨੇਟ ਸਟਾਫ਼ ਸਿਲੈਕਸ਼ਨ ਬੋਰਡ ਵੱਲੋਂ ਅੱਜ 9 ਜ਼ਿਲ੍ਹਿਆਂ ਵਿੱਚ ਬਣਾਏ ਗਏ ਪ੍ਰੀਖਿਆ ਕੇਂਦਰਾਂ ਵਿੱਚ ਕਲਰਕਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਲਈ ਗਈ।