- ਪੰਜਾਬ ਪੁਲਿਸ ਵੱਲੋਂ ਤੀਜੇ ਦਿਨ ਵੀ ਵਿਸ਼ੇਸ਼ ਕਾਰਵਾਈ ਜਾਰੀ; ਫਰੀਦਕੋਟ ਰੇਂਜ ਵਿੱਚ 79 ਅਨਸਰ ਗ੍ਰਿਫ਼ਤਾਰ
- ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਵਚਨਬੱਧ
- ਪੁਲਿਸ ਟੀਮਾਂ ਨੇ 68,500 ਰੁਪਏ ਦੀ ਡਰੱਗ ਮਨੀ, 128 ਗ੍ਰਾਮ ਹੈਰੋਇਨ, 115 ਕਿਲੋ ਭੁੱਕੀ ਅਤੇ 2560 ਨਸ਼ੀਲੀਆਂ ਗੋਲੀਆਂ ਕੀਤੀਆਂ ਬਰਾਮਦ: ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ
ਸ੍ਰੀ ਮੁਕਤਸਰ ਸਾਹਿਬ, 26 ਜੁਲਾਈ 2023 – ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ ਕਿਉਂਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦੋ ਨਸ਼ਿਆਂ ਲਈ ਬਦਨਾਮ ਇਲਾਕਿਆਂ ਪਿੰਡ ਮਿੱਡਾ ਅਤੇ ਮਲੋਟ ਦੇ ਮੁਹੱਲਾ ਛੱਜਘਰ ਦੇ ਵਾਸੀਆਂ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਕੀਤਾ ਹੈ। ਇਹ ਦੋਵੇਂ ਖੇਤਰ ਹੈਰੋਇਨ, ਨਸ਼ੀਲੀਆਂ ਗੋਲੀਆਂ ਆਦਿ ਸਮੇਤ ਕਈ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਵਰਤੋਂ ਲਈ ਬਦਨਾਮ ਹਨ।
ਇਹ ਅਹਿਦ ਪੰਜਾਬ ਨੂੰ ਨਸ਼ਾ ਮੁਕਤ ਅਤੇ ਅਪਰਾਧ ਮੁਕਤ ਸੂਬਾ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰੀ, ਸਮਾਜ ਵਿਰੋਧੀ ਅਨਸਰਾਂ ਅਤੇ ਅਪਰਾਧੀਆਂ ਨੂੰ ਨੱਥ ਪਾਉਣ ਲਈ ਚਲਾਈ ਜਾ ਰਹੀ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੇ ਚਲਦਿਆਂ ਸਾਹਮਣੇ ਆਇਆ ਹੈ।
ਮੁਹਿੰਮ ਦੇ ਤੀਜੇ ਦਿਨ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਇਹ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਫਰੀਦਕੋਟ ਰੇਂਜ ਦੇ ਤਿੰਨੋਂ ਜ਼ਿਲ੍ਹਿਆਂ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਮੋਗਾ ਵਿੱਚ ਚਲਾਈ ਗਈ।
ਮੁਕਤਸਰ ਪੁਲਿਸ ਨੇ ਇਹ ਕਾਰਵਾਈ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਕੀਤੀ ਜਦਕਿ ਫਰੀਦਕੋਟ ਅਤੇ ਮੋਗਾ ਪੁਲਿਸ ਵੱਲੋਂ ਇਹ ਛਾਪੇਮਾਰੀ ਦਿਨ ਵੇਲੇ ਕੀਤੀ ਗਈ। ਇਹ ਸਾਰੀ ਕਾਰਵਾਈ ਡੀਆਈਜੀ ਫਰੀਦਕੋਟ ਰੇਂਜ ਅਜੈ ਮਲੂਜਾ ਦੀ ਸਮੁੱਚੀ ਨਿਗਰਾਨੀ ਹੇਠ ਚਲਾਈ ਗਈ ਅਤੇ ਐਸਐਸਪੀਜ਼ ਨੂੰ ਭਾਰੀ ਪੁਲਿਸ ਫੋਰਸ ਤਾਇਨਾਤ ਕਰਕੇ ਸੁਚੱਜੇ ਢੰਗ ਨਾਲ ਯੋਜਨਾ ਬਣਾਉਣ ਲਈ ਕਿਹਾ ਗਿਆ ਸੀ।
ਵੇਰਵੇ ਦਿੰਦਿਆਂ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ ਪੁਲਿਸ ਟੀਮਾਂ ਨੇ 66 ਐਫਆਈਆਰਜ਼ ਦਰਜ ਕਰਕੇ 79 ਸਮਾਜ ਵਿਰੋਧੀ ਅਨਸਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ 68,500 ਰੁਪਏ ਦੀ ਡਰੱਗ ਮਨੀ, 128 ਗ੍ਰਾਮ ਹੈਰੋਇਨ, 115 ਕਿਲੋ ਭੁੱਕੀ, 2560 ਨਸ਼ੀਲੀਆਂ ਗੋਲੀਆਂ ਅਤੇ ਵੱਡੀ ਮਾਤਰਾ ‘ਚ ਲਾਹਣ ਬਰਾਮਦ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਤਿੰਨ ਭਗੌੜੇ ਅਪਰਾਧੀਆਂ (ਪੀਓ) ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਅਤੇ 293 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ।
ਸਪੈਸ਼ਲ ਡੀਜੀਪੀ ਨੇ ਦੱਸਿਆ ਕਿ ਐਸਐਸਪੀ ਫਰੀਦਕੋਟ ਹਰਜੀਤ ਸਿੰਘ, ਐਸਐਸਪੀ ਸ੍ਰੀ ਮੁਕਤਸਰ ਸਾਹਿਬ ਹਰਮਨਬੀਰ ਸਿੰਘ ਗਿੱਲ ਅਤੇ ਐਸਐਸਪੀ ਮੋਗਾ ਜੇ ਐਲਨਚੇਜ਼ੀਅਨ ਦੀ ਨਿਗਰਾਨੀ ਹੇਠ 1100 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਮਜ਼ਬੂਤ ਫੋਰਸ ਨੇ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਪਛਾਣੇ ਗਏ ਡਰੱਗ ਹੌਟਸਪੌਟਸ ਵਿੱਚ ਇਹ ਕਾਰਵਾਈ ਕੀਤੀ।
ਪੰਜਾਬ ਪੁਲਿਸ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੇ ਅਭਿਆਨ ਜਾਰੀ ਰੱਖੇ ਜਾਣਗੇ ਤਾਂ ਜੋ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਇਆ ਜਾ ਸਕੇ।